ਅਮਰੀਕੀ ਰਾਸ਼ਟਰਪਤੀ ਟਰੰਪ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਯੂਕਰੇਨ ਅਤੇ ਰੂਸ ਇੱਕ ਇਤਿਹਾਸਕ ਸ਼ਾਂਤੀ ਸਮਝੌਤੇ ਦੇ ਪਹਿਲਾਂ ਨਾਲੋਂ ਬੇਹੱਦ ਕਰੀਬ ਹਨ। ਫਲੋਰਿਡਾ ਸਥਿਤ ਆਪਣੇ ਰਿਜ਼ੋਰਟ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਦੀ ਮੇਜ਼ਬਾਨੀ ਕਰਦਿਆਂ ਟਰੰਪ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉਨ੍ਹਾਂ ਦੀ ਢਾਈ ਘੰਟੇ ਲੰਬੀ ਸ਼ਾਨਦਾਰ ਫ਼ੋਨ ‘ਤੇ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਪੁਤਿਨ ਜੰਗ ਖ਼ਤਮ ਕਰਨਾ ਚਾਹੁੰਦੇ ਹਨ।
ਹਾਲਾਂਕਿ, ਟਰੰਪ ਨੇ ਇਹ ਵੀ ਸਵੀਕਾਰ ਕੀਤਾ ਕਿ ਗੱਲਬਾਤ ਕਾਫ਼ੀ ਗੁੰਝਲਦਾਰ ਹੈ ਅਤੇ ਡੌਨਬਾਸ ਖੇਤਰ ਦੇ ਕਬਜ਼ੇ ਤੇ ਸੁਰੱਖਿਆ ਗਾਰੰਟੀ ਵਰਗੇ ਕਈ ਅਹਿਮ ਮੁੱਦਿਆਂ 'ਤੇ ਹਾਲੇ ਵੀ ਪੇਚ ਫਸਿਆ ਹੋਇਆ ਹੈ, ਜਿਸ ਕਾਰਨ ਗੱਲਬਾਤ ਕਿਸੇ ਵੀ ਸਮੇਂ ਟੁੱਟ ਸਕਦੀ ਹੈ। ਜੇਲੇਂਸਕੀ ਨੇ ਟਰੰਪ ਦੀਆਂ ਕੋਸ਼ਿਸ਼ਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਕਰੇਨ ਸ਼ਾਂਤੀ ਲਈ ਤਿਆਰ ਹੈ, ਪਰ ਰੂਸ ਨਾਲ ਕਈ ਮੁੱਦਿਆਂ 'ਤੇ ਵੱਖੋ-ਵੱਖਰੇ ਵਿਚਾਰ ਬਰਕਰਾਰ ਹਨ।
ਦੋਵਾਂ ਨੇਤਾਵਾਂ ਨੇ ਯੂਰਪੀਅਨ ਮੁਖੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਜਨਵਰੀ ਵਿੱਚ ਵ੍ਹਾਈਟ ਹਾਊਸ ਵਿਖੇ ਮੁੜ ਮਿਲਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਰੂਸ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਪੂਰਨ ਜੰਗਬੰਦੀ ਲਈ ਕੀਵ ਨੂੰ ਡੌਨਬਾਸ ਖੇਤਰ ਬਾਰੇ ਦਲੇਰਾਨਾ ਫੈਸਲਾ ਲੈਣਾ ਪਵੇਗਾ, ਜਦਕਿ ਟਰੰਪ ਨੇ ਉਮੀਦ ਜਤਾਈ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਸਥਿਤੀ ਸਪੱਸ਼ਟ ਹੋ ਜਾਵੇਗੀ।