ਨਵੀਂ ਦਿੱਲੀ : ਅਮਰੀਕੀ ਵਿਦੇਸ਼ੀ ਏਜੰਟ ਰਜਿਸਟ੍ਰੇਸ਼ਨ ਐਕਟ (FARA) ਦੇ ਤਹਿਤ ਦਸਤਾਵੇਜ਼ਾਂ ਰਾਹੀ ਵੱਡਾ ਖੁਲਾਸਾ ਹੋਇਆ ਹੈ, ਜਿਸ ਵਿਚ ਪਾਕਿਸਤਾਨ ਦਾ ਅਸਲ ਚਿਹਰਾ ਮੁੜ ਦੁਨੀਆ ਅੱਗੇ ਆਇਆ ਹੈ। ਅਮਰੀਕੀ ਸਰਕਾਰ ਦੇ ਦਸਤਾਵੇਜ਼ਾਂ ਅਨੁਸਾਰ ਪਹਿਲਗਾਮ ਹਮਲੇ ਤੋਂ ਲੈ ਕੇ 'ਆਪਰੇਸ਼ਨ ਸਿੰਦੂਰ' ਸ਼ੁਰੂ ਹੋਣ ਤੱਕ ਅਤੇ ਭਾਰਤ-ਪਾਕਿ ਵਿਚਾਲੇ 4 ਦਿਨਾਂ ਦੇ ਤਣਾਅ ਦੌਰਾਨ ਪਾਕਿਸਤਾਨ ਨੇ ਅਮਰੀਕਾ 'ਤੇ ਦਬਾਅ ਬਣਾਉਣ 'ਚ ਕੋਈ ਕਸਰ ਨਹੀਂ ਛੱਡੀ ਸੀ।
FARA ਦੇ ਰਿਕਾਰਡ ਅਨੁਸਾਰ ਅਮਰੀਕਾ 'ਚ ਨਿਯੁਕਤ ਪਾਕਿਸਤਾਨੀ ਹਾਈ ਕਮਿਸ਼ਨਰ ਨੇ 60 ਤੋਂ ਵੱਧ ਮੀਟਿੰਗਾਂ ਲਈ ਈਮੇਲ, ਫੋਨ ਕਾਲਾਂ ਤੇ ਨਿੱਜੀ ਮੁਲਾਕਾਤਾਂ ਕੀਤੀਆਂ ਸਨ। ਇਹ ਮੀਟਿੰਗਾਂ ਦਾ ਮਕਸਦ ਅਮਰੀਕਾ ਵੱਲੋਂ ਭਾਰਤ ਉੱਤੇ ਦਬਾਅ ਬਣਾਉਣਾ ਸੀ। ਇੱਕ ਪਾਸੇ ਪਾਕਿਸਤਾਨ ਭਾਰਤ ਦੇ 'ਆਪਰੇਸ਼ਨ ਸਿੰਦੂਰ' ਦੀ ਮਾਰ ਝੱਲ ਰਿਹਾ ਸੀ, ਦੂਜੇ ਪਾਸੇ ਪਾਕਿਸਤਾਨ ਭਾਰਤੀ ਦੀ ਕਾਰਵਾਈ ਨੂੰ ਰੋਕਣ ਲਈ ਅਮਰੀਕਾ ਅੱਗੇ ਤਰਲੇ ਪਾ ਰਿਹਾ ਸੀ।
ਪਾਕਿਸਤਾਨ ਨੇ ਭਾਰਤ ਦੀ ਕਾਰਵਾਈ (ਆਪਰੇਸ਼ਨ ਸਿੰਦੂਰ) ਦੌਰਾਨ ਅਮਰੀਕੀ ਸੰਸਦ ਮੈਂਬਰਾਂ ਤੋਂ ਇਲਾਵਾ ਪੈਂਟਾਗਨ, ਸਟੇਟ ਡਿਪਾਰਟਮੈਂਟ ਤੇ ਕਈ ਨਾਮੀ ਪੱਤਰਕਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਕਸ਼ਮੀਰ ਮੁੱਦੇ ਤੋਂ ਲੈ ਕੇ ਖੇਤਰੀ ਸੁਰੱਖਿਆ, ਸਰਹੱਦ 'ਤੇ ਦੁਵੱਲੇ ਸਬੰਧਾਂ ਅਤੇ ਰੇਅਰ ਅਰਥ ਮਿਨਰਲਜ਼ 'ਤੇ ਚਰਚਾ ਹੋਈ ਸੀ।
ਪਾਕਿਸਤਾਨ ਨੇ ਅਮਰੀਕਾ ਨੂੰ ਆਪਣੇ ਪੱਖ ਵਿਚ ਕਰਨ ਲਈ ਕਰੋੜਾਂ ਦਾ ਦਾਅ ਖੇਡਣ ਦੀ ਕੋਸ਼ਿਸ਼ ਵੀ ਕੀਤੀ ਸੀ। ਪਾਕਿਸਤਾਨ ਨੇ ਅਮਰੀਕੀ ਸਰਕਾਰ ਤੱਕ ਤੇਜ਼ੀ ਨਾਲ ਪਹੁੰਚ ਪ੍ਰਾਪਤ ਕਰਨ ਅਤੇ ਵਪਾਰ ਅਤੇ ਕੂਟਨੀਤਕ ਫੈਸਲਿਆਂ ਨੂੰ ਪ੍ਰਭਾਵਿਤ ਕਰਨ ਲਈ 6 ਲਾਬਿੰਗ ਫਰਮਾਂ 'ਤੇ ਲਗਭਗ 45 ਕਰੋੜ ਰੁਪਏ ਖਰਚ ਕੀਤੇ।

ਭਾਰਤੀ ਦੂਤਾਵਾਸ ਨੇ ਅਮਰੀਕੀ ਸਰਕਾਰ ਅਤੇ ਇਸਦੇ ਅਧਿਕਾਰੀਆਂ ਨਾਲ ਆਪਣੇ ਸੰਪਰਕ ਵਧਾਉਣ ਲਈ ਫਰਮ ਨੂੰ ਸ਼ਾਮਲ ਕੀਤਾ ਸੀ। ਇਸ ਦੇ ਨਾਲ ਹੀ ਪਾਕਿਸਤਾਨ ਨੇ ਟਰੰਪ ਨੂੰ ਖੁਸ਼ ਕਰਨ ਲਈ ਅਮਰੀਕੀ ਰਾਸ਼ਟਰਪਤੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਵੀ ਅਪੀਲ ਕੀਤੀ ਸੀ। ਉੱਥੇ ਹੀ ਪਾਕਿਸਤਾਨ ਨੇ ਟਰੰਪ ਨੂੰ ਵਪਾਰ ਅਤੇ ਕਾਰੋਬਾਰ ਨਾਲ ਜੁੜੇ ਕਈ ਲਾਲਚ ਵੀ ਦਿੱਤੇ ਸਨ।