ਮੈਕਸੀਕੋ ਦੇ ਦੱਖਣ-ਪੱਛਮੀ ਓਕਸਾਕਾ ਖੇਤਰ ਵਿੱਚ ਇੱਕ ਰੇਲਗੱਡੀ ਪਟੜੀ ਤੋਂ ਉਤਰ ਗਈ। ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 100 ਜ਼ਖਮੀ ਹੋ ਗਏ ਹਨ। ਮੈਕਸੀਕੋ ਦੀ ਖਾੜੀ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਵਿਚਕਾਰ ਯਾਤਰਾ ਕਰਨ ਵਾਲੀ ਇਸ ਰੇਲਗੱਡੀ ‘ਚ ਕੁੱਲ 250 ਲੋਕ ਸਵਾਰ ਸਨ ਜਿੰਨ੍ਹਾਂ ‘ਚ 241 ਯਾਤਰੀ ਅਤੇ 9 ਚਾਲਕ ਦਲ ਦੇ ਮੈਂਬਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਨਿਜ਼ਾਂਦਾ ਸ਼ਹਿਰ ਦੇ ਨੇੜੇ ਇੱਕ ਮੋੜ 'ਤੇ ਰੇਲਗੱਡੀ ਪਟੜੀ ਤੋਂ ਉਤਰ ਗਈ। ਮੈਕਸੀਕੋ ਦੇ ਅਟਾਰਨੀ ਜਨਰਲ ਨੇ ਪੁਸ਼ਟੀ ਕੀਤੀ ਕਿ ਹਾਦਸੇ ਦੀ ਜਾਂਚ ਚੱਲ ਰਹੀ ਹੈ।
ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਕਿਹਾ ਕਿ ਉਨ੍ਹਾਂ ਨੇ ਜਲ ਸੈਨਾ ਦੇ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਇਲਾਕੇ ਦਾ ਦੌਰਾ ਕਰਨ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਹਨ।

ਦੇਸ਼ ਦੇ ਅਟਾਰਨੀ ਜਨਰਲ ਦਫ਼ਤਰ ਨੇ ਕਿਹਾ ਕਿ ਉਹ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਰਿਹਾ ਹੈ। ਇਹ ਰੇਲਗੱਡੀ ਮੈਕਸੀਕੋ ਦੀ ਖਾੜੀ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਵਿਚਕਾਰ ਚੱਲਦੀ ਹੈ।
ਓਕਸਾਕਾ ਦੇ ਗਵਰਨਰ ਸਲੋਮੋਨ ਜਾਰਾ ਕਰੂਜ਼ ਨੇ ਇੱਕ ਬਿਆਨ ਵਿੱਚ ਹਾਦਸੇ 'ਤੇ "ਡੂੰਘਾ ਦੁੱਖ" ਪ੍ਰਗਟ ਕੀਤਾ ਅਤੇ ਕਿਹਾ ਕਿ ਰਾਜ ਦੇ ਅਧਿਕਾਰੀ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਸੰਘੀ ਏਜੰਸੀਆਂ ਨਾਲ ਤਾਲਮੇਲ ਕਰ ਰਹੇ ਹਨ।