ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 4 ਦਸੰਬਰ ਨੂੰ ਦੋ ਦਿਨਾ ਦੌਰੇ ’ਤੇ ਭਾਰਤ ਆਉਣਗੇ । ਉਹ ਪ੍ਰਧਾਨ ਮੰਤਰੀ ਮੋਦੀ ਨਾਲ 23ਵੀਂ ਭਾਰਤ-ਰੂਸ ਸਾਲਾਨਾ ਸਿਖ਼ਰ ਵਾਰਤਾ ਕਰਨਗੇ । ਇਸ ਵਾਰਤਾ ਨਾਲ ਦੁਵੱਲੇ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਅਹਿਮ ਨਤੀਜੇ ਮਿਲਣ ਦੀ ਉਮੀਦ ਹੈ । ਵਿਦੇਸ਼ ਮੰਤਰਾਲੇ ਨੇ ਦੌਰੇ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਨਾਲ ‘ਭਾਰਤ-ਰੂਸ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਿਕ ਭਾਈਵਾਲੀ’ ਨੂੰ ਮਜ਼ਬੂਤ ਬਣਾਉਣ ਦਾ ਨਜ਼ਰੀਆ ਕਾਇਮ ਹੋਵੇਗਾ ।
ਰਾਸ਼ਟਰਪਤੀ ਦਰੋਪਦੀ ਮੁਰਮੂ ਵੀ ਪੁਤਿਨ ਦਾ ਸਵਾਗਤ ਕਰਨਗੇ ਅਤੇ ਉਨ੍ਹਾਂ ਦੇ ਸਨਮਾਨ ’ਚ ਭੋਜ ਦੇਣਗੇ । ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪੁਤਿਨ ਦੇ ਦੌਰੇ ਦੌਰਾਨ ਆਪਸੀ ਹਿੱਤਾਂ ਦੇ ਖੇਤਰੀ ਅਤੇ ਆਲਮੀ ਮੁੱਦਿਆਂ ’ਤੇ ਵੀ ਵਿਚਾਰ ਚਰਚਾ ਹੋਵੇਗੀ । ਮੋਦੀ-ਪੁਤਿਨ ਵਾਰਤਾ ਨਾਲ ਰੱਖਿਆ ਤੇ ਸੁਰੱਖਿਆ, ਵਪਾਰ ਅਤੇ ਗ਼ੈਰ-ਫੌਜੀ ਪਰਮਾਣੂ ਊਰਜਾ ਜਿਹੇ ਖੇਤਰਾਂ ’ਚ ਸਹਿਯੋਗ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ ।
ਵਾਰਤਾ ਦੌਰਾਨ ਯੂਕਰੇਨ ਜੰਗ ਬਾਰੇ ਵੀ ਗੱਲਬਾਤ ਹੋਣ ਦੀ ਸੰਭਾਵਨਾ ਹੈ । ਭਾਰਤ, ਰੂਸ ਤੋਂ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਐੱਸ-400 ਮਿਜ਼ਾਈਲ ਪ੍ਰਣਾਲੀ ਦੀ ਹੋਰ ਖੇਪ ਖਰੀਦਣ ਬਾਰੇ ਵਿਚਾਰ ਕਰ ਰਿਹਾ ਹੈ, ਕਿਉਂਕਿ ਇਹ ਹਥਿਆਰ ਅਪਰੇਸ਼ਨ ਸਿੰਧੂਰ ਦੌਰਾਨ ਅਸਰਦਾਰ ਸਾਬਤ ਹੋਏ ਸਨ ਅਤੇ ਮੀਟਿੰਗ ਦੌਰਾਨ ਇਸ ਦੀ ਖਰੀਦ ’ਤੇ ਚਰਚਾ ਹੋ ਸਕਦੀ ਹੈ । ਰੂਸੀ ਰਾਸ਼ਟਰਪਤੀ ਨੇ ਆਖਰੀ ਵਾਰ 2021 ’ਚ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ।