ਯਮੁਨਾਨਗਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੂੰਹ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਸੱਸ ਦਾ ਕਤਲ ਕਰ ਦਿੱਤਾ। ਇਹ ਖੁਲਾਸਾ 6 ਮਹੀਨੇ ਬਾਅਦ ਆਈ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਇਆ, ਜਿਸ ਨਾਲ ਇੱਕ ਕਤਲ ਦੀ ਗੁੱਥੀ ਸੁਲਝ ਗਈ।
ਪੁਲਿਸ ਅਨੁਸਾਰ, ਇਹ ਘਟਨਾ 19 ਜੁਲਾਈ 2025 ਨੂੰ ਛੱਪਰ ਥਾਣਾ ਖੇਤਰ ਦੇ ਹਰਗੜ੍ਹ ਪਿੰਡ ਵਿੱਚ ਵਾਪਰੀ। ਮੁਲਜ਼ਮ ਔਰਤ ਸ਼ਿਵਾਨੀ ਨੇ ਆਪਣੇ ਪ੍ਰੇਮੀ ਰਾਜੇਸ਼ ਨਾਲ ਮਿਲ ਕੇ ਆਪਣੀ ਸੱਸ ਦੀ ਹੱਤਿਆ ਦੀ ਯੋਜਨਾ ਬਣਾਈ। ਸ਼ਿਵਾਨੀ ਦਾ ਵਿਆਹ ਹਰਗੜ੍ਹ ਦੇ ਰਹਿਣ ਵਾਲੇ ਜਤਿੰਦਰ ਨਾਲ ਹੋਇਆ ਸੀ, ਪਰ ਵਿਆਹ ਤੋਂ ਪਹਿਲਾਂ ਹੀ ਉਸਦੇ ਰਾਜੇਸ਼ ਨਾਲ ਨਾਜਾਇਜ਼ ਸਬੰਧ ਸਨ, ਜੋ ਵਿਆਹ ਤੋਂ ਬਾਅਦ ਵੀ ਜਾਰੀ ਰਹੇ।
ਜਤਿੰਦਰ ਨੂੰ ਆਪਣੀ ਪਤਨੀ ‘ਤੇ ਸ਼ੱਕ ਸੀ। ਉਸਨੂੰ ਇਹ ਵੀ ਸ਼ੱਕ ਸੀ ਕਿ 8 ਮਹੀਨੇ ਪਹਿਲਾਂ ਜਨਮ ਲਿਆ ਬੇਟਾ ਉਸਦਾ ਨਹੀਂ, ਸਗੋਂ ਸ਼ਿਵਾਨੀ ਦੇ ਪ੍ਰੇਮੀ ਦਾ ਹੈ। ਇਸ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਸੀ ਤੇ ਜਤਿੰਦਰ ਦੀ ਮਾਂ ਅਕਸਰ ਸ਼ਿਵਾਨੀ ਨੂੰ ਟੋਕਦੀ ਸੀ, ਜੋ ਉਸਨੂੰ ਨਾਗਵਾਰ ਗੁਜ਼ਰਦਾ ਸੀ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਸ਼ਿਵਾਨੀ ਨੇ ਪਹਿਲਾਂ ਆਪਣੀ ਸੱਸ ਨੂੰ ਨੀਂਦ ਦੀਆਂ ਗੋਲੀਆਂ ਮਿਲਾ ਕੇ ਖਾਣਾ ਦਿੱਤਾ। ਜਦੋਂ ਦਵਾਈਆਂ ਦਾ ਅਸਰ ਘੱਟ ਪਿਆ, ਤਾਂ ਉਸਨੇ ਡੰਡੇ ਨਾਲ ਸੱਸ ‘ਤੇ ਹਮਲਾ ਕੀਤਾ। ਬੇਹੋਸ਼ ਹੋਣ ‘ਤੇ ਉਸਨੇ ਸਿਰਹਾਣੇ ਨਾਲ ਮੂੰਹ ਦਬਾ ਕੇ ਦਮ ਘੁੱਟ ਦਿੱਤਾ। ਸ਼ੁਰੂ ਵਿੱਚ ਇਸ ਮੌਤ ਨੂੰ ਹਾਦਸਾ ਮੰਨ ਕੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ।
ਹਾਲਾਂਕਿ, ਜਤਿੰਦਰ ਦੇ ਸ਼ੱਕ ਕਾਰਨ ਮਾਮਲੇ ਦੀ ਮੁੜ ਜਾਂਚ ਹੋਈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਕੇਸ ਸੀਆਈਏ ਸਟਾਫ ਨੂੰ ਸੌਂਪਿਆ ਗਿਆ। ਪੁੱਛਗਿੱਛ ਦੌਰਾਨ ਸ਼ਿਵਾਨੀ ਅਤੇ ਰਾਜੇਸ਼ ਦੋਵਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਡੂੰਘੀ ਜਾਂਚ ਸ਼ੁਰੂ ਕਰ ਦਿੱਤੀ ਹੈ।