ਪੰਜਾਬ ਤੇ ਚੰਡੀਗੜ੍ਹ ਵਿੱਚ ਠੰਢ ਲਗਾਤਾਰ ਵੱਧ ਰਹੀ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਨੇ ਆਮ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਅੰਮ੍ਰਿਤਸਰ ਵਿੱਚ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ 1.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਹੁਣ ਤੱਕ ਦਾ ਸਭ ਤੋਂ ਠੰਢਾ ਦਿਨ ਮੰਨਿਆ ਜਾ ਰਿਹਾ ਹੈ।
ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ 13 ਅਤੇ 14 ਜਨਵਰੀ ਨੂੰ ਧੁੰਦ ਹੋਰ ਵੀ ਗੰਭੀਰ ਹੋ ਸਕਦੀ ਹੈ। ਐਤਵਾਰ ਨੂੰ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਦਾ ਪ੍ਰਭਾਵ ਦੇਖਣ ਨੂੰ ਮਿਲਿਆ। ਚੰਡੀਗੜ੍ਹ ਵਿੱਚ ਸਵੇਰ ਦੇ ਸਮੇਂ ਵਿਜ਼ੀਬਿਲਟੀ ਘੱਟ ਰਹੀ, ਜਿਸ ਕਾਰਨ ਕੁਝ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ। ਪੁਣੇ ਤੋਂ ਚੰਡੀਗੜ੍ਹ ਆਉਣ ਵਾਲੀ ਸਵੇਰੇ 5:55 ਵਜੇ ਦੀ ਉਡਾਣ ਵਿੱਚ ਦੇਰੀ ਹੋਈ, ਜਿਸ ਨਾਲ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ।
ਸ਼ਨੀਵਾਰ ਨੂੰ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ, ਜਦਕਿ 5 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਅਤੇ 6 ਜ਼ਿਲ੍ਹਿਆਂ ਵਿੱਚ ਠੰਡਾ ਦਿਨ ਦਰਜ ਕੀਤਾ ਗਿਆ। ਸੜਕਾਂ ‘ਤੇ ਦ੍ਰਿਸ਼ਟਤਾ ਘੱਟ ਹੋਣ ਕਾਰਨ ਵਾਹਨ ਚਾਲਕਾਂ ਨੂੰ ਵੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਹਾਲਾਂਕਿ, ਲੋਹੜੀ ਮਨਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ ਹੈ। ਮੌਸਮ ਵਿਭਾਗ ਦੇ ਮੁਤਾਬਕ, ਇਸ ਵਾਰ ਲੋਹੜੀ ਦੇ ਮੌਕੇ ‘ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਵਿਭਾਗ ਦਾ ਕਹਿਣਾ ਹੈ ਕਿ 15 ਜਾਂ 16 ਜਨਵਰੀ ਤੋਂ ਬਾਅਦ ਹੀ ਸੂਬੇ ਵਿੱਚ ਬੂੰਦਾਬਾਂਦੀ ਜਾਂ ਮੀਂਹ ਹੋ ਸਕਦਾ ਹੈ।
ਪਿਛਲੇ ਸਾਲਾਂ ਵਿੱਚ ਲੋਹੜੀ ਦੌਰਾਨ ਮੀਂਹ ਕਾਰਨ ਤਿਉਹਾਰੀ ਰੌਣਕ ਪ੍ਰਭਾਵਿਤ ਹੋਈ ਸੀ, ਪਰ ਇਸ ਸਾਲ ਸਾਫ਼ ਮੌਸਮ ਕਾਰਨ ਲੋਕਾਂ ਵਿੱਚ ਖ਼ਾਸਾ ਉਤਸ਼ਾਹ ਵੇਖਿਆ ਜਾ ਰਿਹਾ ਹੈ।