ਦਿੱਲੀ ਵਿੱਚ ਸਾਹਮਣੇ ਆਈ ਇੱਕ ਹੈਰਾਨ ਕਰਨ ਵਾਲੀ ਘਟਨਾ ਨੇ ਸਾਇਬਰ ਅਪਰਾਧਾਂ ਦੇ ਵਧਦੇ ਖ਼ਤਰੇ ਨੂੰ ਫਿਰ ਤੋਂ ਬੇਨਕਾਬ ਕਰ ਦਿੱਤਾ ਹੈ। ਸਾਇਬਰ ਠੱਗਾਂ ਨੇ ਇੱਕ ਬੁਜ਼ੁਰਗ ਐਨਆਰਆਈ ਦੰਪਤੀ ਨੂੰ “ਡਿਜ਼ਿਟਲ ਅਰੇਸਟ” ਦੇ ਨਾਂ ‘ਤੇ ਐਨਾ ਡਰਾ ਦਿੱਤਾ ਕਿ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ ਲੁੱਟ ਲਈ। ਇਹ ਮਾਮਲਾ ਦੱਸਦਾ ਹੈ ਕਿ ਅਪਰਾਧੀ ਹੁਣ ਕਿੰਨੇ ਸੁਚੱਜੇ ਅਤੇ ਮਨੋਵਿਗਿਆਨਕ ਤਰੀਕਿਆਂ ਨਾਲ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਹਨ।
ਐਨਆਰਆਈ ਜੋੜੇ ਨਾਲ ਕਿਵੇਂ ਠੱਗੀ ?
ਪੀੜਿਤਾ ਇੰਦਿਰਾ ਤਨੇਜਾ ਨੇ ਦੱਸਿਆ ਕਿ 24 ਦਸੰਬਰ ਨੂੰ ਦੁਪਹਿਰ ਸਮੇਂ ਉਨ੍ਹਾਂ ਨੂੰ ਇੱਕ ਫੋਨ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਟੈਲੀਕੌਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਦਾ ਅਧਿਕਾਰੀ ਦੱਸਿਆ। ਉਸ ਨੇ ਕਿਹਾ ਕਿ ਇੰਦਿਰਾ ਦੇ ਮੋਬਾਇਲ ਨੰਬਰ ਤੋਂ ਗ਼ੈਰਕਾਨੂੰਨੀ ਅਤੇ ਅਪੱਤਜਨਕ ਕਾਲਾਂ ਹੋ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਦਾ ਨੰਬਰ ਬੰਦ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਉਨ੍ਹਾਂ ‘ਤੇ ਮਨੀ ਲਾਂਡਰਿੰਗ ਦਾ ਦੋਸ਼ ਲਾਇਆ ਗਿਆ ਅਤੇ ਕਿਹਾ ਗਿਆ ਕਿ ਮਹਾਰਾਸ਼ਟਰ ਵਿੱਚ ਉਨ੍ਹਾਂ ਖ਼ਿਲਾਫ਼ FIR ਦਰਜ ਹੈ ਅਤੇ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਚੁੱਕੇ ਹਨ।
ਕੁਝ ਸਮੇਂ ਬਾਅਦ ਇਹ ਕਾਲ ਵੀਡੀਓ ਕਾਲ ਵਿੱਚ ਬਦਲ ਗਈ। ਵੀਡੀਓ ਵਿੱਚ ਸਾਹਮਣੇ ਬੈਠਾ ਵਿਅਕਤੀ ਪੁਲਿਸ ਦੀ ਵਰਦੀ ਵਿੱਚ ਦਿਖਾਈ ਦਿੱਤਾ, ਜਿਸ ਨੇ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸਿਆ। ਉਸ ਨੇ ਦਾਅਵਾ ਕੀਤਾ ਕਿ ਇੰਦਿਰਾ ਦੇ ਨਾਂ ‘ਤੇ ਕੇਨਰਾ ਬੈਂਕ ਵਿੱਚ ਇੱਕ ਖਾਤਾ ਖੁੱਲ੍ਹਾ ਹੈ, ਜਿਸਦਾ ਇਸਤੇਮਾਲ ਵੱਡੇ ਪੱਧਰ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਲਈ ਕੀਤਾ ਗਿਆ ਹੈ। ਠੱਗਾਂ ਨੇ ਇਸ ਮਾਮਲੇ ਨੂੰ “ਰਾਸ਼ਟਰੀ ਸੁਰੱਖਿਆ” ਨਾਲ ਜੋੜ ਕੇ ਦਬਾਅ ਹੋਰ ਵੀ ਵਧਾ ਦਿੱਤਾ।
ਇੰਦਿਰਾ ਤਨੇਜਾ ਨੇ ਦੱਸਿਆ ਕਿ ਉਨ੍ਹਾਂ ਨੇ ਠੱਗਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੇ ਪਤੀ AIIMS ਵਿੱਚ ਸਰਜਰੀ ਤੋਂ ਬਾਅਦ ਰਿਕਵਰੀ ਵਿੱਚ ਹਨ ਅਤੇ ਘਰ ਵਿੱਚ ਕੋਈ ਮਦਦ ਕਰਨ ਵਾਲਾ ਨਹੀਂ। ਪਰ ਠੱਗਾਂ ਨੇ ਕੋਈ ਰਹਿਮ ਨਾ ਦਿਖਾਇਆ। ਉਨ੍ਹਾਂ ਨੂੰ ਕਿਹਾ ਗਿਆ ਕਿ ਜਾਂਚ ਦੌਰਾਨ ਉਹ ਕਿਸੇ ਨਾਲ ਸੰਪਰਕ ਨਹੀਂ ਕਰ ਸਕਦੇ ਅਤੇ ਨਾ ਹੀ ਪੁਲਿਸ ਥਾਣੇ ਜਾ ਸਕਦੇ ਹਨ। ਇਸਨੂੰ “ਡਿਜ਼ਿਟਲ ਅਰੇਸਟ” ਦੀ ਪ੍ਰਕਿਰਿਆ ਦੱਸਿਆ ਗਿਆ।
ਡਰ, ਤਣਾਅ ਅਤੇ ਲਗਾਤਾਰ ਧਮਕੀਆਂ ਦੇ ਕਾਰਨ ਦੰਪਤੀ ਨੇ ਵੱਖ-ਵੱਖ ਟ੍ਰਾਂਜ਼ੈਕਸ਼ਨਾਂ ਰਾਹੀਂ ਕੁੱਲ 14.85 ਕਰੋੜ ਰੁਪਏ ਠੱਗਾਂ ਵੱਲੋਂ ਦੱਸੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤੇ। ਜਦੋਂ ਲੰਮੇ ਸਮੇਂ ਤੱਕ ਮਾਮਲਾ ਖਤਮ ਨਾ ਹੋਇਆ ਅਤੇ ਹੋਰ ਪੈਸਿਆਂ ਦੀ ਮੰਗ ਆਉਂਦੀ ਰਹੀ, ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਆਖ਼ਿਰਕਾਰ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਨਾਲ ਸੰਪਰਕ ਕਰਨ ‘ਤੇ ਇਹ ਵੱਡਾ ਸਾਇਬਰ ਫਰਾਡ ਸਾਹਮਣੇ ਆਇਆ।
ਪੁਲਿਸ ਅਧਿਕਾਰੀਆਂ ਵੱਲੋਂ ਅਪੀਲ
ਪੁਲਿਸ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਸਰਕਾਰੀ ਏਜੰਸੀ ਫੋਨ ਜਾਂ ਵੀਡੀਓ ਕਾਲ ਰਾਹੀਂ ਗ੍ਰਿਫ਼ਤਾਰੀ ਦੀ ਧਮਕੀ ਨਹੀਂ ਦਿੰਦੀ ਅਤੇ ਨਾ ਹੀ ਜਾਂਚ ਦੇ ਨਾਂ ‘ਤੇ ਪੈਸੇ ਮੰਗਦੀ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੀ ਕਿਸੇ ਵੀ ਕਾਲ ਤੋਂ ਸਾਵਧਾਨ ਰਹਿਣ ਅਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ।