ਸਿਡਨੀ :- ਆਸਟ੍ਰੇਲੀਆ ਦੇ ਮਸ਼ਹੂਰ ਸਮੁੰਦਰੀ ਤੱਟਾਂ ਵਿੱਚੋਂ ਇੱਕ ਸਿਡਨੀ ਦੇ ਬੋਂਡੀ ਬੀਚ 'ਤੇ ਐਤਵਾਰ ਨੂੰ ਉਸ ਸਮੇਂ ਵੱਡੀ ਦਹਿਸ਼ਤ ਫੈਲੀ,ਜਿੱਥੇ ਸ਼ੱਕੀ ਗੋਲੀਬਾਰੀ ਦੀ ਖ਼ਬਰ ਦੀ ਘਟਨਾ ਤੋਂ ਬਾਅਦ ਭਗਦੜ ਮੱਚ ਗਈ, ਜਿਸ ਦੌਰਾਨ ਲੋਕ ਜਾਨਾਂ ਬਚਾਉਣ ਲਈ ਇਧਰ-ਉਧਰ ਭੱਜਣ ਲਏ।
ਆਸਟ੍ਰੇਲੀਆਈ ਪੁਲਿਸ ਅਨੁਸਾਰ ਬੋਂਡੀ ਬੀਚ 'ਤੇ ਗੋਲੀਆਂ ਚੱਲਣ ਦੀਆਂ ਖ਼ਬਰਾਂ ਤੋਂ ਬਾਅਦ 2 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਨਿਊ ਸਾਊਥ ਵੇਲਜ਼ ਪੁਲਸ ਨੇ ਐਕਸ ਉੱਤੇ ਪੋਸਟ ਕਰਦਿਆ ਕਿਹਾ ਹੈ ਕਿ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਜਾਰੀ ਹੈ। ਪੁਲਿਸ ਨੇ ਕਿਹਾ ਅਸੀਂ ਆਮ ਲੋਕਾਂ ਨੂੰ ਇਸ ਇਲਾਕੇ ਤੋਂ ਬਚਣ ਦੀ ਅਪੀਲ ਕਰਦੇ ਹਾਂ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਯਹੂਦੀਆਂ ਦੇ ਤਿਉਹਾਰ ਹਨੂਕਾਹ ਦਾ ਪਹਿਲਾ ਦਿਨ ਸੀ, ਜਿਸ ਦੌਰਾਨ ਯਹੂਦੀ ਵੱਡੀ ਗਿਣਤੀ ਵਿੱਚ ਤਿਉਹਾਰ ਵਿੱਚ ਪਹੁੰਚੇ ਹੋਏ ਸਨ। ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆ ਨਿਊ ਸਾਊਥ ਵੇਲਜ਼ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਪੂਰਾ ਇਲਾਕਾ ਸੀਲ ਕਰ ਦਿੱਤਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਸੁਰੱਖਿਅਤ ਥਾਂਵਾ ਉੱਤੇ ਜਾਣ ਦੀ ਅਪੀਲ ਕੀਤੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਸਮੇਂ ਵਿੱਚ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਸਨ। 'ਦਿ ਗਾਰਡੀਅਨ' ਦੀ ਰਿਪੋਰਟ ਮੁਤਾਬਿਕ ਇੱਕ ਵੀਡੀਓ ਵਿੱਚ ਕਾਲੇ ਕੱਪੜਿਆਂ ਵਿੱਚ 2 ਲੋਕ ਪੁਲ ਦੇ ਕੋਲ ਗੋਲੀਬਾਰੀ ਕਰਦੇ ਦਿਖਾਈ ਦਿੱਤੇ, ਜਿਸ ਦੌਰਾਨ ਕਰੀਬ ਇੱਕ ਦਰਜਨ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਗਈ।
ਉੱਥੇ ਹੀ ਆਸਟ੍ਰੇਲੀਆ ਦੇ PM ਦੇ ਦਫ਼ਤਰ ਨੇ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਉਹਨਾਂ ਕਿਹਾ ਕਿ ਸਰਕਾਰ ਮੌਜੂਦਾ ਸਥਿਤੀ ਤੋਂ ਜਾਣੂ ਹੈ ਅਤੇ ਬੋਂਡੀ ਬੀਚ ਖੇਤਰ ਵਿੱਚ ਸਖ਼ਤ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਉਹਨਾਂ ਨਾਗਰਿਕਾਂ ਨੂੰ ਨਿਊ ਸਾਊਥ ਪੁਲਿਸ ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਫਿਲਹਾਲ ਇਸ ਇਲਾਕੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।