ਤਰਨਤਾਰਨ ਜ਼ਿਲ੍ਹੇ ਦੇ ਪਿੰਡ ਅਲੀਪੁਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਦੇ ਲੋਕ ਰਾਤ ਨੂੰ ਕੜੀ ਠੰਡ ਤੋਂ ਬਚਣ ਲਈ ਘਰ ਦੇ ਅੰਦਰ ਅੱਗ ਜਲਾ ਕੇ ਸੌਂ ਰਹੇ ਸਨ। ਇਸ ਘਟਨਾ ਨੇ ਪੂਰੇ ਪਿੰਡ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ
ਮੌਤ ਦਾ ਕਾਰਨ ਬਣੀ ਅੰਗੀਠੀ
ਜਾਣਕਾਰੀ ਅਨੁਸਾਰ ਪਰਿਵਾਰ ਨੇ ਕਮਰੇ ਵਿੱਚ ਅੱਗ ਇਸ ਲਈ ਜਲਾਈ ਸੀ ਤਾਂ ਜੋ ਠੰਡ ਤੋਂ ਬਚਿਆ ਜਾ ਸਕੇ। ਪਰ ਅੱਗ ਤੋਂ ਨਿਕਲਣ ਵਾਲੀ ਜ਼ਹਿਰੀਲੀ ਗੈਸ ਅਤੇ ਧੂੰਏਂ ਕਾਰਨ ਕਮਰੇ ਵਿੱਚ ਆਕਸੀਜਨ ਦੀ ਘਾਟ ਪੈਦਾ ਹੋ ਗਈ। ਨੀਂਦ ਦੀ ਹਾਲਤ ਵਿੱਚ ਪਰਿਵਾਰ ਦੇ ਮੈਂਬਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਦਾ ਅਹਿਸਾਸ ਨਹੀਂ ਹੋ ਸਕਿਆ ਅਤੇ ਦਮ ਘੁੱਟਣ ਕਾਰਨ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕਾਂ 'ਚ ਇੱਕ 2 ਮਹੀਨੇ ਦਾ ਬੱਚਾ ਵੀ ਸ਼ਾਮਲ
ਮ੍ਰਿਤਕਾਂ ਦੀ ਪਛਾਣ 21 ਸਾਲਾ ਅਰਸ਼ਦੀਪ ਸਿੰਘ, ਉਸਦੀ 20 ਸਾਲਾ ਪਤਨੀ ਜਸ਼ਨਦੀਪ ਕੌਰ ਅਤੇ ਉਨ੍ਹਾਂ ਦੇ 2 ਮਹੀਨੇ ਦੇ ਬੱਚੇ ਗੁਰਬਾਜ਼ ਸਿੰਘ ਵਜੋਂ ਹੋਈ ਹੈ। ਇਸ ਦਰਦਨਾਕ ਹਾਦਸੇ ਵਿੱਚ ਪਰਿਵਾਰ ਦਾ ਇੱਕ 10 ਸਾਲਾ ਬੱਚਾ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਇਆ ਹੈ, ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਵੱਲੋਂ ਜਾਂਚ ਜਾਰੀ
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।