ਪਠਾਨਕੋਟ: ਕੋਵਿਡ ਮਹਾਮਾਰੀ ਦੌਰਾਨ ਆਪਣੀ ਦਰਿਆਦਿਲੀ ਅਤੇ ਸਮਾਜ ਸੇਵਾ ਕਾਰਨ ਚਰਚਾ ਵਿੱਚ ਰਹਿਣ ਵਾਲਾ ਪਠਾਨਕੋਟ ਦਾ ਰਾਜੂ ਭਿਖਾਰੀ ਅੱਜ ਵੀ ਲੋਕਾਂ ਲਈ ਪ੍ਰੇਰਣਾ ਦੀ ਮਿਸਾਲ ਬਣਿਆ ਹੋਇਆ ਹੈ। ਸਾਦੀ ਜ਼ਿੰਦਗੀ ਜੀਊਂਦਾ ਰਾਜੂ ਭਿਖਾਰੀ ਬਿਨਾਂ ਕਿਸੇ ਲਾਲਚ ਦੇ ਲਗਾਤਾਰ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਦਾ ਆ ਰਿਹਾ ਹੈ। ਕੋਵਿਡ ਸਮੇਂ ਉਸ ਨੇ ਬੇਸਹਾਰਾ ਲੋਕਾਂ ਨੂੰ ਰਾਸ਼ਨ, ਦਵਾਈਆਂ ਅਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾ ਕੇ ਸਭ ਦਾ ਦਿਲ ਜਿੱਤ ਲਿਆ ਸੀ।
ਠੰਡ ਦੇ ਮੌਸਮ ਵਿੱਚ ਵੀ ਰਾਜੂ ਭਿਖਾਰੀ ਦੀ ਸੇਵਾ ਲਗਾਤਾਰ ਜਾਰੀ ਹੈ। ਹਾਲ ਹੀ ਵਿੱਚ ਉਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕਰੀਬ 500 ਕੰਬਲ ਗਰੀਬਾਂ ਅਤੇ ਮਜ਼ਦੂਰ ਵਰਗੇ ਲੋਕਾਂ ਵਿੱਚ ਵੰਡੇ ਗਏ, ਤਾਂ ਜੋ ਕੋਈ ਵੀ ਵਿਅਕਤੀ ਕੜੀ ਠੰਡ ਵਿੱਚ ਬੇਸਹਾਰਾ ਨਾ ਰਹੇ। ਰਾਜੂ ਦਾ ਕਹਿਣਾ ਹੈ ਕਿ ਜਦੋਂ ਤੱਕ ਸਮਾਜ ਵਿੱਚ ਕੋਈ ਭੁੱਖਾ ਜਾਂ ਠੰਢ ਨਾਲ ਤਰਸਦਾ ਵਿਅਕਤੀ ਹੈ, ਤਦ ਤੱਕ ਸੇਵਾ ਰੁਕਣੀ ਨਹੀਂ ਚਾਹੀਦੀ।
ਇਸ ਤੋਂ ਇਲਾਵਾ ਰਾਜੂ ਭਿਖਾਰੀ ਹੁਣ ਤੱਕ 50 ਤੋਂ ਵੱਧ ਗਰੀਬ ਕੁੜੀਆਂ ਦੀਆਂ ਸ਼ਾਦੀਆਂ ਕਰਵਾ ਚੁੱਕਾ ਹੈ। ਉਹ ਨਾ ਸਿਰਫ਼ ਵਿਆਹ ਦਾ ਸਾਰਾ ਖਰਚਾ ਉਠਾਉਂਦਾ ਹੈ, ਬਲਕਿ ਕੁੜੀਆਂ ਨੂੰ ਘਰੇਲੂ ਸਾਮਾਨ ਅਤੇ ਲੋੜੀਂਦਾ ਸਮਾਨ ਵੀ ਮੁਹੱਈਆ ਕਰਵਾਉਂਦਾ ਹੈ, ਤਾਂ ਜੋ ਉਹ ਸਨਮਾਨ ਨਾਲ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ।
ਰਾਜੂ ਭਿਖਾਰੀ ਨੇ ਸ਼ਹਿਰ ਦੀਆਂ ਦੋ ਤੰਗ ਗਲੀਆਂ ਵਿੱਚ ਲੋਕਾਂ ਦੀ ਸਹੂਲਤ ਲਈ ਪੁਲੀਆਂ ਵੀ ਬਣਵਾਈਆਂ ਹਨ ਅਤੇ ਸਥਾਨਕ ਵਸਨੀਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਲੋਕਾਂ ਦਾ ਕਹਿਣਾ ਹੈ ਕਿ ਰਾਜੂ ਭਿਖਾਰੀ ਬਿਨਾਂ ਕਿਸੇ ਪ੍ਰਚਾਰ ਦੇ ਸੇਵਾ ਕਰਦਾ ਹੈ। ਉਸ ਦੀ ਨਿਸ਼ਕਾਮ ਸੇਵਾ ਅੱਜ ਦੇ ਸਮੇਂ ਵਿੱਚ ਹਰ ਕਿਸੇ ਲਈ ਪ੍ਰੇਰਣਾ ਹੈ ਅਤੇ ਸਾਬਤ ਕਰਦੀ ਹੈ ਕਿ ਇਨਸਾਨੀਅਤ ਅਜੇ ਵੀ ਜਿੰਦਾ ਹੈ।