ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੁਰੋ ਨੂੰ ਨਿਊਯਾਰਕ ਦੀ ਫੈਡਰਲ ਅਦਾਲਤ ’ਚ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਉਸਨੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨਾਲ ਸਬੰਧਤ ਆਪਣੇ ਵਿਰੁੱਧ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ।
ਮਦੁਰੋ ਨੇ ਆਪਣੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਅਤੇ ਕਿਹਾ ਕਿ ਉਸਨੂੰ ਅਗਵਾ ਕੀਤਾ ਗਿਆ ਹੈ। ਆਪਣੀ ਪਹਿਲੀ ਸੁਣਵਾਈ ’ਚ ਮਦੁਰੋ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਦਿਆਂ ਕਿਹਾ, ‘ਮੈਂ ਅਪਰਾਧੀ ਨਹੀਂ ਹਾਂ। ਮੈਂ ਇੱਕ ਸਤਿਕਾਰਤ ਵਿਅਕਤੀ ਹਾਂ ਅਤੇ ਮੈਂ ਅਜੇ ਵੀ ਆਪਣੇ ਦੇਸ਼ ਦਾ ਰਾਸ਼ਟਰਪਤੀ ਹਾਂ।’
ਮਦੁਰੋ ਦੇ ਵਕੀਲਾਂ ਨੇ ਅਮਰੀਕੀ ਕਾਰਵਾਈ ਨੂੰ ਕਿਡਨੈਪਿੰਗ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਕਾਨੂੰਨ ਅਤੇ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਕਰਦਾ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਹੁਣ ਅਗਲੀ ਸੁਣਵਾਈ 17 ਮਾਰਚ ਨੂੰ ਹੋਵੇਗੀ।
ਬਚਾਅ ਪੱਖ ਅਮਰੀਕੀ ਅਦਾਲਤਾਂ ਦੇ ਅਧਿਕਾਰ ਖੇਤਰ ਨੂੰ ਚੁਣੌਤੀ ਦੇਣ ਦੀ ਵੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਦੀ ਕਾਨੂੰਨੀ ਰਣਨੀਤੀ ਦਾ ਇੱਕ ਮੁੱਖ ਨੁਕਤਾ ਇਹ ਹੋਵੇਗਾ ਕਿ ਅਮਰੀਕੀ ਏਜੰਸੀਆਂ ਨੇ ਉਸਨੂੰ ਵਿਦੇਸ਼ੀ ਧਰਤੀ 'ਤੇ ਗੈਰ-ਕਾਨੂੰਨੀ ਤੌਰ 'ਤੇ ਗ੍ਰਿਫ਼ਤਾਰ ਕੀਤਾ।
ਇਸ ਦੌਰਾਨ ਮਦੁਰੋ ਦੀ ਪਤਨੀ, ਸੀਲੀਆ ਫਲੋਰੇਸ ਨੂੰ ਵੀ ਅਦਾਲਤ ’ਚ ਪੇਸ਼ ਕੀਤਾ ਗਿਆ। ਉਸਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਉਸਨੇ ਆਪਣੇ ਆਪ ਨੂੰ ਵੈਨੇਜ਼ੁਏਲਾ ਦੀ ਪਹਿਲੀ ਮਹਿਲਾ ਕਿਹਾ ਅਤੇ ਸਾਰੇ ਸਾਰੇ ਇਲ਼ਜ਼ਾਮਾਂ ਤੋਂ ਇਨਕਾਰ ਕੀਤਾ।
ਮਦੁਰੋ ਅਤੇ ਉਸਦੇ ਸਾਥੀਆਂ 'ਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਅਤੇ ਅੱਤਵਾਦੀ ਸਮੂਹਾਂ ਨਾਲ ਮਿਲ ਕੇ ਕੋਕੀਨ ਦੀ USA ’ਚ ਤਸਕਰੀ ਕਰਨ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਹੈ। ਮਦੁਰੋ 'ਤੇ ਮਸ਼ੀਨ ਗਨ ਰੱਖਣ ਦਾ ਵੀ ਇਲਜ਼ਾਮ ਹੈ, ਜਿਸ ਕਾਰਨ ਉਸਨੂੰ ਲੰਬੀ ਸਜ਼ਾ ਹੋ ਸਕਦੀ ਹੈ।
ਚਾਰਜਸ਼ੀਟ ’ਚ ਮਦੁਰੋ ਦੇ ਪੁੱਤਰ, ਨਿਕੋਲਸ ਮਦੁਰੋ ਗੁਏਰਾ, ਗ੍ਰਹਿ ਮੰਤਰੀ ਡਾਇਓਸਦਾਡੋ ਕੈਬੇਲੋ ਅਤੇ ਬਦਨਾਮ ਗੈਂਗ "ਟ੍ਰੇਨ ਡੀ ਅਰਾਗੁਆ" ਦੇ ਆਗੂ ਹੈਕਟਰ ਗੁਏਰੋ ਫਲੋਰੇਸ ਦਾ ਵੀ ਨਾਮ ਹੈ। ਅਮਰੀਕਾ ਇਸ ਗੈਂਗ ਨੂੰ ਇੱਕ ਵਿਦੇਸ਼ੀ ਅੱਤਵਾਦੀ ਸੰਗਠਨ ਮੰਨਦਾ ਹੈ।