ਜੰਡਿਆਲਾ ਗੁਰੂ ਵਿੱਚ ਪੁਲਿਸ ਤੇ ਸੀਆਈਏ ਸਟਾਫ ਵੱਲੋਂ ਸਾਂਝੀ ਕਾਰਵਾਈ ਦੌਰਾਨ ਬਦਮਾਸ਼ਾਂ ਨਾਲ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮੁਕਾਬਲੇ ਵਿੱਚ ਇੱਕ ਨੌਜਵਾਨ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਿਸਦੀ ਪਛਾਣ ਲਵਸ਼ ਵਜੋਂ ਹੋਈ ਹੈ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਤੁਰੰਤ ਹਸਪਤਾਲ ਭੇਜਿਆ ਗਿਆ, ਜਿੱਥੇ ਉਹ ਪੁਲਿਸ ਨਿਗਰਾਨੀ ਹੇਠ ਜੇਰੇ ਇਲਾਜ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ, ਬੀਤੇ ਦਿਨੀਂ ਜੰਡਿਆਲਾ ਗੁਰੂ ਵਿੱਚ ਇੱਕ ਸੁਨਿਆਰੇ ਦੀ ਦੁਕਾਨ ‘ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜੰਡਿਆਲਾ ਗੁਰੂ ਪੁਲਿਸ ਅਤੇ ਸੀਆਈਏ ਸਟਾਫ ਵੱਲੋਂ ਵੱਖ-ਵੱਖ ਟੀਮਾਂ ਬਣਾਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ।
ਜਾਂਚ ਦੌਰਾਨ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਨਾਲ ਪੁੱਛਗਿੱਛ ਕਰਨ ‘ਤੇ ਖੁਲਾਸਾ ਹੋਇਆ ਕਿ ਗੋਲੀਆਂ ਚਲਾਉਣ ਵਾਲੇ ਦੋ ਸ਼ੂਟਰ ਤਰਨ ਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਪੁਲਿਸ ਨੂੰ ਸੂਚਨਾ ਮਿਲੀ ਕਿ ਇਹ ਦੋਸ਼ੀ ਜੰਡਿਆਲਾ ਗੁਰੂ ਦੇ ਗੁੰਨੋਵਾਲ ਵਾਲੀ ਸਾਈਡ ਵੱਲ ਆ ਰਹੇ ਹਨ। ਇਸ ‘ਤੇ ਪੁਲਿਸ ਨੇ ਤੁਰੰਤ ਨਾਕਾਬੰਦੀ ਕੀਤੀ।
ਨਾਕਾਬੰਦੀ ਦੌਰਾਨ ਜਦੋਂ ਪੁਲਿਸ ਨੇ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਉਹ ਮੋਟਰਸਾਈਕਲ ‘ਤੇ ਭੱਜਦੇ ਹੋਏ ਨਹਿਰ ਵੱਲ ਮੁੜ ਗਏ। ਇਸ ਦੌਰਾਨ ਮੋਟਰਸਾਈਕਲ ਫਿਸਲ ਕੇ ਡਿੱਗ ਪਈ, ਜਿਸ ਤੋਂ ਬਾਅਦ ਦੋਸ਼ੀਆਂ ਵੱਲੋਂ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀਆਂ ਚਲਾਈਆਂ, ਜਿਸ ਵਿੱਚ ਇੱਕ ਨੌਜਵਾਨ ਦੀ ਲੱਤ ‘ਤੇ ਗੋਲੀ ਲੱਗੀ।
ਐੱਸਐੱਸਪੀ ਸੁਹੇਲ ਮੀਰ ਨੇ ਦੱਸਿਆ ਕਿ ਪੁਲਿਸ ਦੀ ਤੁਰੰਤ ਅਤੇ ਸੂਝ-ਬੂਝ ਨਾਲ ਕੀਤੀ ਕਾਰਵਾਈ ਨਾਲ ਵੱਡੀ ਘਟਨਾ ਟਲ ਗਈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।