ਬ੍ਰਿਟੇਨ ਵਿੱਚ 12 ਸਾਲਾ ਬੱਚੇ ਦੀ ਸੂਝਬੂਝ ਕਾਰਨ ਮਾਂ ਦੀ ਜਾਨ ਬੱਚ ਗਈ। ਗੱਡੀ ਚਲਾਉਣ ਦੌਰਾਨ ਔਰਤ ਬੇਹੋਸ਼ ਹੋ ਗਈ ਸੀ, ਜਿਸ ਤੋਂ ਬਾਅਦ ਉਸਦੇ ਬੱਚੇ ਨੇ ਆਪਣਾ ਦਿਮਾਗ ਲਗਾਇਆ ਅਤੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ।
ਜਾਣਕਾਰੀ ਅਨੁਸਾਰ 12 ਸਾਲ ਦੇ ਬੱਚੇ ਦੀ ਪਛਾਣ ਜੈਕ ਹਾਵੇਲਜ਼ ਵਜੋਂ ਹੋਈ ਹੈ। ਉਹ ਆਪਣੀ ਮਾਂ ਨਿਕੋਲਾ ਕਰੰਪ ਨਾਲ ਕਾਰ ਵਿੱਚ ਸਫਰ ਕਰ ਰਿਹਾ ਸੀ। ਇਸ ਦੌਰਾਨ ਉਸਦੀ ਮਾਂ ਦੀ ਤਬੀਅਤ ਵਿਗੜ ਗਈ ਅਤੇ ਉਹ ਗੱਡੀ ਚਲਾਉਂਦੇ ਸਮੇਂ ਬੇਹੋਸ਼ ਹੋ ਗਈ। ਠੀਕ ਇਸੇ ਸਮੇਂ ਜੈਕ ਨੇ ਸਟੀਅਰਿੰਗ ਵ੍ਹੀਲ ਫੜ ਲਿਆ ਅਤੇ ਕਾਰ ਨੂੰ ਸੁਰੱਖਿਅਤ ਥਾਂ 'ਤੇ ਲੈ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਗੱਡੀ ਦੀ ਰਫਤਾਰ ਕਰੀਬ 60 ਕਿਲੋਮੀਟਰ ਪ੍ਰਤੀ ਘੰਟਾ ਸੀ।
ਜਾਣੋ ਕੀ ਹੈ ਪੂਰਾ ਮਾਮਲਾ?
ਨਿਕੋਲਾ ਆਪਣੇ ਬੇਟੇ ਨਾਲ ਬਾਜ਼ਾਰ ਜਾ ਰਹੀ ਸੀ। ਜਦੋਂ ਉਹ ਸੜਕ 'ਤੇ ਗੱਡੀ ਚਲਾ ਰਹੀ ਸੀ, ਤਾਂ ਉਸਨੂੰ ਕੁਝ ਦਿੱਕਤ ਮਹਿਸੂਸ ਹੋਈ ਅਤੇ ਉਸਨੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਇਸ ਤੋਂ ਪਹਿਲਾਂ ਕਿ ਉਹ ਗੱਡੀ ਰੋਕ ਪਾਉਂਦੀ, ਉਹ ਬੇਹੋਸ਼ ਹੋ ਗਈ ਅਤੇ ਗੱਡੀ ਬੇਕਾਬੂ ਹੋ ਗਈ। ਇਸ ਦੌਰਾਨ ਬੱਚੇ ਨੇ ਸਟੀਅਰਿੰਗ ਸੰਭਾਲੀ ਅਤੇ ਹੌਲੀ-ਹੌਲੀ ਗੱਡੀ ਦੀ ਰਫਤਾਰ ਘਟਾ ਕੇ ਉਸਨੂੰ ਸੜਕ ਦੇ ਕਿਨਾਰੇ ਖੜ੍ਹਾ ਕਰ ਦਿੱਤਾ।
ਕਿਸੇ ਨੂੰ ਨਹੀਂ ਲੱਗੀ ਕੋਈ ਸੱਟ
ਜ਼ਿਕਰਯੋਗ ਹੈ ਕਿ ਇਸ ਘਟਨਾ ਵਿੱਚ ਬੱਚਾ ਅਤੇ ਮਾਂ ਸੁਰੱਖਿਅਤ ਹਨ। ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਨਿਕੋਲਾ, ਜਿਨ੍ਹਾਂ ਨੂੰ ਘੱਟ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਜਾਂਚ ਅਤੇ ਹੋਰ ਟੈਸਟ ਕੀਤੇ ਜਾ ਰਹੇ ਹਨ।
ਪੁਲਿਸ ਵੱਲੋਂ ਬੱਚੇ ਨੂੰ ਸਨਮਾਨਿਤ
ਪੁਲਿਸ ਅਧਿਕਾਰੀ ਜੈਕ ਦੀ ਸ਼ਾਂਤ ਚਿੱਤ ਰਹਿਣ ਅਤੇ ਤੁਰੰਤ ਕਾਰਵਾਈ ਕਰਨ ਦੀ ਸਮਰੱਥਾ ਤੋਂ ਹੈਰਾਨ ਸਨ। ਉਸਦੀ ਬਹਾਦਰੀ ਲਈ ਉਸਨੂੰ ਪੁਲਿਸ ਹੈੱਡਕੁਆਰਟਰ ਬੁਲਾ ਕੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਹੈ। ਮਾਂ ਨੇ ਆਪਣੇ ਬੇਟੇ ਨੂੰ ਆਪਣਾ 'ਛੋਟਾ ਹੀਰੋ' ਦੱਸਿਆ ਹੈ, ਜਿਸ ਨੇ ਆਪਣੀ ਅਤੇ ਸੜਕ 'ਤੇ ਮੌਜੂਦ ਹੋਰ ਲੋਕਾਂ ਦੀ ਜਾਨ ਬਚਾਈ।