ਨਵੀਂ ਦਿੱਲੀ:-ਆਪ੍ਰੇਸ਼ਨ ਸਿੰਦੂਰ ਦੌਰਾਨ ਬਹਾਦਰੀ ਦੀ ਮਿਸਾਲ ਪੇਸ਼ ਕਰਨ ਵਾਲੇ ਫਿਰੋਜ਼ਪੁਰ ਦੇ ਰਹਿਣ ਵਾਲੇ ਸਰਵਣ ਨੂੰ ਰਾਸ਼ਟਰੀ ਵੀਰ ਬਾਲ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਵੀਰ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਸਰਵਣ ਸਿੰਘ ਨੂੰ ਦਿੱਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਵਨ ਅਤੇ ਹੋਰ ਪੁਰਸਕਾਰ ਜੇਤੂ ਬੱਚਿਆਂ ਨਾਲ ਵੀ ਗੱਲ ਕਰਨਗੇ। ਸਰਵਨ ਨੇ ਆਪ੍ਰੇਸ਼ਨ ਸਿੰਦਰ ਦੌਰਾਨ ਫਿਰੋਜ਼ਪੁਰ ਵਿੱਚ ਖਤਰਨਾਕ ਹਾਲਾਤਾਂ ਵਿੱਚ ਨਾਗਰਿਕਾਂ ਅਤੇ ਫੌਜੀ ਜਵਾਨਾਂ ਦੀ ਮਦਦ ਕੀਤੀ ਸੀ।
ਇਸ ਮੌਕੇ ਗੱਲਬਾਤ ਦੌਰਾਨ ਬੱਚੇ ਸਰਵਣ ਸਿੰਘ ਨੇ ਕਿਹਾ ਕਿਹਾ "ਜਦੋਂ ਪਾਕਿਸਤਾਨ ਖ਼ਿਲਾਫ਼ ਆਪ੍ਰੇਸ਼ਨ ਸਿੰਦੂਰ ਸ਼ੁਰੂ ਹੋਇਆ, ਤਾਂ ਸਾਡੇ ਪਿੰਡ ਫੌਜੀ ਆਏ ਹੋਏ ਸਨ। ਮੈਂ ਸੋਚਿਆ ਕਿ ਮੈਨੂੰ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ। ਮੈਂ ਉਨ੍ਹਾਂ ਲਈ ਦੁੱਧ, ਚਾਹ, ਲੱਸੀ ਅਤੇ ਬਰਫ਼ ਲੈ ਕੇ ਜਾਂਦਾ ਸੀ। ਮੈਨੂੰ ਇਹ ਪੁਰਸਕਾਰ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ। ਮੈਂ ਕਦੇ ਇਸ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ,"।
ਫਿਰੋਜ਼ਪੁਰ ਦੇ 10 ਸਾਲਾ ਸਰਵਣ ਸਿੰਘ ਨੇ 'ਆਪ੍ਰੇਸ਼ਨ ਸਿੰਦੂਰ' ਦੌਰਾਨ ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਭਾਰਤੀ ਫੌਜ ਦੇ ਜਵਾਨਾਂ ਦੀ ਬਿਨ੍ਹਾਂ ਕਿਸੇ ਸਵਾਰਥ ਤੋਂ ਮਦਦ ਕੀਤੀ ਸੀ, ਉਨ੍ਹਾਂ ਨੂੰ ਪਾਣੀ, ਦੁੱਧ, ਲੱਸੀ ਅਤੇ ਭੋਜਨ ਦਿੰਦਾ ਰਹਿੰਦਾ ਸੀ, ਜਿਸ ਲਈ ਫੌਜ ਨੇ ਉਸਨੂੰ 'ਸਭ ਤੋਂ ਛੋਟਾ ਨਾਗਰਿਕ ਯੋਧਾ' ਐਲਾਨਿਆ ਅਤੇ ਸਨਮਾਨਿਤ ਕੀਤਾ ਅਤੇ ਹੁਣ ਉਸਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦੀ ਜ਼ਿੰਮੇਵਾਰੀ ਲਈ ਹੈ।
ਫਿਰੋਜ਼ਪੁਰ ਛਾਉਣੀ ਵਿਖੇ ਇੱਕ ਸਮਾਰੋਹ ਦੌਰਾਨ ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਵੀ ਸਰਵਣ ਸਿੰਘ ਨੂੰ ਸਨਮਾਨਿਤ ਕੀਤਾ ਸੀ। ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਸਰਵਣ ਸਿੰਘ ਦੀ ਕਹਾਣੀ ਉਨ੍ਹਾਂ ਨੂੰ ਦੇਸ਼ ਦੇ ਉਨ੍ਹਾਂ "ਨਾਇਕਾਂ" ਦੀ ਯਾਦ ਦਿਵਾਉਂਦੀ ਹੈ, ਜੋ ਦੇਸ਼ ਲਈ ਸਭ ਕੁਝ ਕੁਰਬਾਨ ਕਰ ਦਿੰਦੇ ਹਨ।
ਫਿਰੋਜ਼ਪੁਰ ਦੇ ਮਮਦੋਟ ਇਲਾਕੇ ਵਿੱਚ ਰਹਿਣ ਵਾਲੇ ਸਰਵਨ ਸਿੰਘ ਨੇ ਪਹਿਲਾਂ ਕਿਹਾ ਸੀ ਕਿ ਉਹ ਵੱਡਾ ਹੋ ਕੇ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਹਾਂ। ਉਸ ਨੇ ਕਿਹਾ "ਮੈਂ ਇੱਕ ਸਿਪਾਹੀ ਬਣਨਾ ਚਾਹੁੰਦਾ ਹਾਂ ਅਤੇ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ,"। ਉਸਦੇ ਪਿਤਾ ਨੇ ਕਿਹਾ ਕਿ ਆਪ੍ਰੇਸ਼ਨ ਸਿੰਦਰ ਤੋਂ ਬਾਅਦ, ਫੌਜ ਦੇ ਅਧਿਕਾਰੀ ਵੀ ਉਸਨੂੰ ਬਹੁਤ ਪਿਆਰ ਕਰਨ ਲੱਗ ਪਏ ਹਨ।