ਨਵੀਂ ਦਿੱਲੀ:- ਰਾਸ਼ਟਰੀ ਰਾਜਧਾਨੀ ’ਚ ਹਵਾ ਦੀ ਗੁਣਵੱਤਾ 'ਗੰਭੀਰ' ਸ਼੍ਰੇਣੀ ਦੇ ਨੇੜੇ ਪਹੁੰਚ ਗਈ। ਸਵੇਰੇ 8 ਵਜੇ ਸਮੁੱਚਾ ਹਵਾ ਗੁਣਵੱਤਾ ਸੂਚਕਾਂਕ (AQI) 390 ਸੀ, ਜੋ ਕਿ "ਬਹੁਤ ਮਾੜੀ" ਸ਼੍ਰੇਣੀ ਵਿੱਚ ਆਉਂਦਾ ਹੈ। ਹਾਲਾਂਕਿ, ਰਾਸ਼ਟਰੀ ਰਾਜਧਾਨੀ ਦੇ ਕਈ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਸੀ। ਇਨ੍ਹਾਂ ਖੇਤਰਾਂ ਵਿੱਚ ਆਨੰਦ ਵਿਹਾਰ (AQI- 435), ਬੁਰਾੜੀ ਕਰਾਸਿੰਗ (AQI- 415), ਚਾਂਦਨੀ ਚੌਕ (AQI- 419), ਗਾਜ਼ੀਪੁਰ (AQI- 435), ਜਹਾਂਗੀਰਪੁਰੀ (AQI- 442), ਆਰਕੇ ਪੁਰਮ (AQI- 404), ਅਤੇ ਰੋਹਿਣੀ (AQI- 436) ਸ਼ਾਮਲ ਸਨ।
ਦਿੱਲੀ ਦੀ ਹਵਾ ਦੀ ਗੁਣਵੱਤਾ "ਗੰਭੀਰ" ਸ਼੍ਰੇਣੀ ’ਚ ਪਹੁੰਚਣ ’ਤੇ NCR ਅਤੇ ਨਾਲ ਲੱਗਦੇ ਖੇਤਰਾਂ ’ਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਨੇ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (GRAP) ਦਾ ਪੜਾਅ 3 ਲਾਗੂ ਕੀਤਾ ਹੈ, ਜੋ ਕਿ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਐਮਰਜੈਂਸੀ ਉਪਾਵਾਂ ਦਾ ਇੱਕ ਸਮੂਹ ਹੈ। ਜ਼ਿਕਰਯੋਗ ਹੈ ਕਿ GRAP 3 ’ਚ ਉਸਾਰੀ ਅਤੇ ਡੈਮੋਲੀਸ਼ਨ ਗਤੀਵਿਧੀਆਂ 'ਤੇ ਪਾਬੰਦੀ ਹੁੰਦੀ ਹੈ।