ਥਾਈਲੈਂਡ ਵਿੱਚ ਬੁੱਧਵਾਰ ਨੂੰ ਇੱਕ ਰੇਲਵੇ ਪੁਲ ਦੇ ਨਿਰਮਾਣ ਲਈ ਵਰਤੀ ਜਾ ਰਹੀ ਇੱਕ ਕਰੇਨ ਇੱਕ ਤੇਜ਼ ਰਫ਼ਤਾਰ ਯਾਤਰੀ ਰੇਲਗੱਡੀ 'ਤੇ ਡਿੱਗ ਗਈ। ਕਰੇਨ ਲਗਭਗ 65 ਫੁੱਟ ਦੀ ਉਚਾਈ ਤੋਂ ਰੇਲਗੱਡੀ 'ਤੇ ਡਿੱਗ ਗਈ, ਜਿਸ ਨਾਲ ਕਈ ਡੱਬਿਆਂ ਨੂੰ ਭਾਰੀ ਨੁਕਸਾਨ ਪਹੁੰਚਿਆ।
ਇਹ ਹਾਦਸਾ ਬੁੱਧਵਾਰ ਸਵੇਰੇ ਲਗਭਗ 9:05 ਵਜੇ ਬੈਂਕਾਕ ਤੋਂ 230 ਕਿਲੋਮੀਟਰ ਉੱਤਰ-ਪੂਰਬ ਵਿੱਚ ਨਾਖੋਨ ਰਤਚਾਸੀਮਾ ਪ੍ਰਾਂਤ ਵਿੱਚ ਵਾਪਰਿਆ। BBC ਅਨੁਸਾਰ, ਇਸ ਹਾਦਸੇ ਵਿੱਚ 25 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ 80 ਯਾਤਰੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਹੈ। ਇਸ ਹਾਦਸੇ ਸਮੇਂ ਰੇਲਗੱਡੀ ਵਿੱਚ 195 ਯਾਤਰੀ ਸਵਾਰ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਯਾਤਰੀ ਸਕੂਲੀ ਵਿਦਿਆਰਥੀ ਸਨ।
ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕਰੇਨ ਦੇ ਡਿੱਗਣ ਕਾਰਨ ਡਰਾਈਵਰ ਨੂੰ ਬ੍ਰੇਕ ਲਗਾਉਣ ਦਾ ਮੌਕਾ ਤੱਕ ਨਹੀਂ ਮਿਲਿਆ। ਟੱਕਰ ਤੋਂ ਬਾਅਦ ਕਰੇਨ ਦਾ ਮਲਬਾ ਡੱਬਿਆਂ 'ਤੇ ਡਿੱਗ ਪਿਆ, ਜਿਸ ਕਾਰਨ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਡੱਬਿਆਂ ਨੂੰ ਅੱਗ ਲੱਗ ਗਈ। ਬਹੁਤ ਸਾਰੇ ਯਾਤਰੀ ਡੱਬਿਆਂ ਵਿੱਚ ਫਸ ਗਏ ਸਨ ਅਤੇ ਕਟਰਾਂ ਅਤੇ ਹੋਰ ਔਜਾਰਾਂ ਨਾਲ ਲੋਕਾਂ ਨੂੰ ਬਾਹਰ ਕੱਢਿਆ ਗਿਆ। ਅਧਿਕਾਰੀਆਂ ਦੇ ਅਨੁਸਾਰ ਕਰੇਨ ਡਿੱਗਣ ਦੇ ਕਾਰਨਾ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ। ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
12 ਲਾਸ਼ਾਂ ਨੂੰ ਕੱਢਿਆ ਬਾਹਰ:- ਨਿਊਜ਼ ਵੈੱਬਸਾਈਟ 'ਨੇਸ਼ਨ ਥਾਈਲੈਂਡ' ਦੇ ਅਨੁਸਾਰ ਟੱਕਰ ਇੰਨੀ ਭਿਆਨਕ ਸੀ ਕਿ ਰੇਲ ਗੱਡੀ ਦੇ ਸ਼ੀਸ਼ੇ ਤੱਕ ਟੁੱਟ ਗਏ ਅਤੇ ਰੇਲ ਗੱਡੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ। ਹਾਦਸੇ ਤੋਂ ਕੁਝ ਮਿੰਟਾਂ ਬਾਅਦ ਹੀ ਬਚਾਅ ਟੀਮਾਂ ਘਟਨਾ ਵਾਲੀ ਥਾਂ ਉੱਤੇ ਪਹੁੰਚੀਆਂ। ਬਚਾਅ ਟੀਮਾਂ ਨੇ ਦੱਸਿਆ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ।
ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ, ਅਤੇ ਮਲਬੇ ਵਿੱਚ ਫਸੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਹੁਣ ਤੱਕ 12 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਅਧਿਕਾਰੀ ਅਤੇ ਰੇਲਵੇ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕਰੇਨ ਕਿਉਂ ਡਿੱਗੀ ਅਤੇ ਕੀ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਗਈ। ਸਥਾਨਕ ਨਿਵਾਸੀ ਅਤੇ ਪਰਿਵਾਰ ਇਸ ਦੁਖਦਾਈ ਘਟਨਾ 'ਤੇ ਸਦਮੇ ਵਿੱਚ ਹਨ।
ਰੇਲਗੱਡੀ ਦੇ ਡੱਬੇ 2 ਹਿੱਸਿਆਂ ਵਿੱਚ ਕੱਟੇ:- ਘਟਨਾ ਵਾਲੀ ਥਾਂ ਉੱਤੇ ਮੌਜੂਦ ਸਥਾਨਕ ਨਿਵਾਸੀ ਨੇ AFP ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਸਨੇ ਇੱਕ ਉੱਚੀ ਆਵਾਜ਼ ਸੁਣੀ, ਜਿਸ ਤੋਂ ਬਾਅਦ 2 ਧਮਾਕੇ ਹੋਏ। ਉਹਨਾਂ ਕਿਹਾ "ਜਦੋਂ ਮੈਂ ਇਹ ਦੇਖਣ ਲੱਗਿਆ ਤਾਂ ਮੈਂ ਇੱਕ ਯਾਤਰੀ ਟ੍ਰੇਨ 'ਤੇ ਕ੍ਰੇਨ ਡਿੱਗੀ ਪਈ ਸੀ। ਕਰੇਨ ਵਿੱਚੋਂ ਨਿਕਲਿਆ ਇੱਕ ਟੁਕੜਾ ਵਿਚਕਾਰੋਂ ਟ੍ਰੇਨ ਨਾਲ ਟਕਰਾ ਗਿਆ, ਜਿਸ ਨਾਲ ਉਹ ਦੋ ਹਿੱਸਿਆਂ ਵਿੱਚ ਕੱਟ ਗਈ।"