ਤੁਰਕੀ ਦੀ ਰਾਜਧਾਨੀ ਅੰਕਾਰਾ ਤੋਂ ਉਡਾਣ ਭਰਨ ਤੋਂ ਫੌਰਨ ਬਾਅਦ ਮੰਗਲਵਾਰ ਨੂੰ ਇੱਕ ਨਿੱਜੀ ਜੈੱਟ ਕ੍ਰੈਸ਼ ਹੋ ਗਿਆ। ਹਾਦਸੇ ਵਿੱਚ ਲੀਬੀਆ ਦੇ ਫੌਜੀ ਮੁਖੀ ਸਮੇਤ ਕੁੱਲ 8 ਲੋਕਾਂ ਦੀ ਮੌਤ ਹੋ ਗਈ। ਲੀਬੀਆ ਦੇ ਅਧਿਕਾਰੀਆਂ ਮੁਤਾਬਕ ਇਸ ਹਾਦਸੇ ਦਾ ਕਾਰਨ ਜਹਾਜ਼ ਵਿੱਚ ਆਈ ਤਕਨੀਕੀ ਖਰਾਬੀ ਸੀ।
ਤੁਰਕੀ ਅਧਿਕਾਰੀਆਂ ਨੇ ਕਿਹਾ ਕਿ ਲੀਬੀਆ ਦਾ ਇਹ ਵਫ਼ਦ ਦੋਵਾਂ ਦੇਸ਼ਾਂ ਵਿਚਾਲੇ ਫੌਜੀ ਸਹਿਯੋਗ ਵਧਾਉਣ ਲਈ ਉੱਚ ਪੱਧਰੀ ਰੱਖਿਆ ਗੱਲਬਾਤ ਲਈ ਅੰਕਾਰਾ ਆਇਆ ਹੋਇਆ ਸੀ। ਲੀਬੀਆ ਦੇ ਪ੍ਰਧਾਨ ਮੰਤਰੀ ਅਬਦੁਲ-ਹਾਮਿਦ ਦਬੀਬਾ ਨੇ ਫੇਸਬੁੱਕ ‘ਤੇ ਇਕ ਬਿਆਨ ਰਾਹੀਂ ਜਨਰਲ ਮੁਹੰਮਦ ਅਲੀ ਅਹਿਮਦ ਅਲ-ਹੱਦਾਦ ਅਤੇ ਚਾਰ ਅਧਿਕਾਰੀਆਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਇਸ ਨੂੰ ਲੀਬੀਆ ਲਈ ਵੱਡਾ ਘਾਟਾ ਅਤੇ ਇੱਕ ਦੁਖਦਾਈ ਹਾਦਸਾ ਦੱਸਿਆ।

ਅਲ-ਹੱਦਾਦ ਪੱਛਮੀ ਲੀਬੀਆ ਵਿੱਚ ਚੋਟੀ ਦੇ ਫੌਜੀ ਕਮਾਂਡਰ ਸਨ ਅਤੇ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਰਾਹੀਂ ਲੀਬੀਆ ਦੀ ਫੌਜ ਨੂੰ ਇਕਜੁੱਟ ਕਰਨ ਦੇ ਯਤਨਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸਨ। ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਹੋਰ ਅਧਿਕਾਰੀਆਂ ਵਿੱਚ ਲੀਬੀਆ ਦੀਆਂ ਜ਼ਮੀਨੀ ਫੌਜਾਂ ਦੇ ਮੁਖੀ ਜਨਰਲ ਅਲ-ਫਿਤੂਰੀ ਘਰੈਬੀਲ,ਮਿਲਟਰੀ ਮੈਨੂਫੈਕਚਰਿੰਗ ਅਥਾਰਟੀ ਦੇ ਮੁਖੀ ਬ੍ਰਿਗੇਡੀਅਰ ਜਨਰਲ ਮਹਿਮੂਦ ਅਲ-ਕਤਾਵੀ, ਚੀਫ ਆਫ ਸਟਾਫ ਦੇ ਸਲਾਹਕਾਰ ਮੁਹੰਮਦ ਅਲ-ਅਸਾਵੀ ਦੀਆਬ ਅਤੇ ਫੌਜੀ ਫੋਟੋਗ੍ਰਾਫਰ ਮੁਹੰਮਦ ਉਮਰ ਅਹਿਮਦ ਮਹਜੂਬ ਸ਼ਾਮਲ ਹਨ, ਜਦੋਂਕਿ ਚਾਲਕ ਦਲ ਦੇ ਤਿੰਨ ਮੈਂਬਰਾਂ ਦੀ ਪਛਾਣ ਹਾਲੇ ਸਪੱਸ਼ਟ ਨਹੀਂ ਹੋ ਸਕੀ ਹੈ।
ਸਥਾਨਕ ਟੀਵੀ ‘ਤੇ ਦਿਖਾਈ ਗਈ ਫੁਟੇਜ ਵਿੱਚ ਅਸਮਾਨ ਵਿੱਚ ਇੱਕ ਵੱਡਾ ਧਮਾਕਾ ਹੁੰਦਾ ਦਿਖਾਈ ਦਿੱਤਾ ਹੈ। ਅੰਕਾਰਾ ਹਵਾਈ ਅੱਡੇ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਅਤੇ ਹਾਦਸੇ ਦੀ ਜਾਂਚ ਲਈ ਚਾਰ ਸਰਕਾਰੀ ਵਕੀਲ ਨਿਯੁਕਤ ਕੀਤੇ ਗਏ ਹਨ। ਲੀਬੀਆ ਸਰਕਾਰ ਨੇ ਵੀ ਜਾਂਚ ਵਿੱਚ ਸਹਿਯੋਗ ਲਈ ਇੱਕ ਟੀਮ ਅੰਕਾਰਾ ਭੇਜਣ ਦਾ ਐਲਾਨ ਕੀਤਾ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਹੈ ਜਦੋਂ ਇਕ ਦਿਨ ਪਹਿਲਾਂ ਹੀ ਤੁਰਕੀ ਦੀ ਸੰਸਦ ਨੇ ਲੀਬੀਆ ਵਿਚ ਤਾਇਨਾਤ ਆਪਣੀਆਂ ਫੌਜਾਂ ਦੇ ਕਾਰਜਕਾਲ ਨੂੰ ਦੋ ਸਾਲ ਲਈ ਵਧਾਉਣ ਦੀ ਮਨਜ਼ੂਰੀ ਦਿੱਤੀ ਸੀ।