ਖ਼ੈਬਰ ਪਖ਼ਤੁਨਖ਼ਵਾ: ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ’ਚ ਇੱਕ ਮਦਰੱਸੇ ’ਚ ਹੋਏ ਧਮਾਕੇ ’ਚ ਦੋ ਬੱਚੇ ਮਾਰੇ ਗਏ ਅਤੇ 16 ਹੋਰ ਜ਼ਖਮੀ ਹੋ। ਇਹ ਘਟਨਾ ਖੇਤਰ ’ਚ ਵਧਦੀ ਅਸੁਰੱਖਿਆ ਨੂੰ ਉਜਾਗਰ ਕਰਦੀ ਹੈ। ਜਾਣਕਾਰੀ ਮੁਤਾਬਕ ਇਹ ਧਮਾਕਾ ਉੱਤਰੀ ਵਜ਼ੀਰਿਸਤਾਨ ਦੇ ਮੀਰ ਅਲੀ ਖੇਤਰ ’ਚ ਉਸ਼ ਵੇਲੇ ਵਾਪਰਿਆ ਜਦੋਂ ਵਿਦਿਆਰਥੀ ਮਦਰੱਸੇ ਸ਼ਮਸ-ਉਲ-ਕੁਰਾਨ ’ਚ ਇੱਕ ਮੋਰਟਾਰ ਸ਼ੈੱਲ ਲੈ ਕੇ ਆਏ, ਕਿਉਂਕਿ ਉਨ੍ਹਾਂ ਨੂੰ ਗਲਤੀ ਨਾਲ ਮੋਰਟਾਰ ਸ਼ੈੱਲ ਨੂੰ ਇੱਕ ਖਿਡੌਣਾ ਸਮਝ ਲਿਆ ਸੀ। ਮੋਰਟਾਰ ਸ਼ੈੱਲ ਉਸ ਸਮੇਂ ਫਟ ਗਿਆ, ਜਦੋਂ ਬੱਚੇ ਇਸ ਨਾਲ ਖੇਡ ਰਹੇ ਸਨ, ਜਿਸ ਨਾਲ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 16 ਹੋਰ ਜ਼ਖਮੀ ਹੋ ਗਏ।
ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਪਹਿਲਾਂ ਹੀ ਵਸਨੀਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਇੱਕ ਅਣ-ਫਟਿਆ ਮੋਰਟਾਰ ਇਲਾਕੇ ’ਚ ਡਿੱਗਿਆ ਹੈ ਅਤੇ ਨਾਗਰਿਕਾਂ ਨੂੰ ਇਸ ਤੋਂ ਬਚਣ ਦੀ ਅਪੀਲ ਕੀਤੀ ਸੀ। ਹਾਲਾਂਕਿ, ਚੇਤਾਵਨੀ ਸਾਰਿਆਂ ਤੱਕ ਨਹੀਂ ਪਹੁੰਚੀ, ਅਤੇ ਬੱਚੇ ਅਣਜਾਣੇ ’ਚ ਇਸ ਨੂੰ ਮਦਰੱਸੇ ’ਚ ਲੈ ਗਏ।
ਇਸ ਦੇ ਨਾਲ ਹੀ ਇੱਕ ਹੋਰ ਘਟਨਾ ’ਚ ਮੀਰ ਅਲੀ ’ਚ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਸਰਕਾਰੀ ਪ੍ਰਾਇਮਰੀ ਸਕੂਲ ’ਤੇ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਸਕੂਲ ਦੀ ਇਮਾਰਤ ਤਬਾਹ ਹੋ ਗਈ ਹੈ। ਅਧਿਕਾਰੀਆਂ ਮੁਤਾਬਕ ਅਯਾਜ਼ ਕੋਟ ’ਚ ਸਕੂਲ ਦੀ ਇਮਾਰਤ ’ਚ ਵਿਸਫੋਟਕ ਲਗਾਏ ਗਏ ਸਨ, ਜਿਸ ਕਾਰਨ ਹੁਣ 600 ਤੋਂ ਵੱਧ ਬੱਚੇ ਪੜ੍ਹਨ ਲਈ ਜਗ੍ਹਾ ਤੋਂ ਵਾਂਝੇ ਰਹਿ ਗਏ ਨੇ।