ਕੈਲੀਫੋਰਨੀਆ ਦੇ ਸਟਾਕਟਨ ਸ਼ਹਿਰ ਵਿੱਚ ਬੈਂਕੁਏਟ ਹਾਲ ਅੰਦਰ ਅਚਾਨਕ ਫਾਇਰਿੰਗ ਹੋਈ। ਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 10 ਲੋਕ ਜ਼ਖਮੀ ਹੋ ਗਏ ਹਨ । ਬੈਂਕੁਏਟ ਹਾਲ ਇੱਕ ਬੱਚੇ ਦੇ ਜਨਮਦਿਨ ਦੀ ਪਾਰਟੀ ਚੱਲ ਰਹੀ ਸੀ। ਫਾਇਰਿੰਗ ਦੀ ਵਜ੍ਹਾ ਅਤੇ ਹਮਲਾਵਰ ਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਅਧਿਕਾਰੀਆਂ ਮੁਤਾਬਕ ਕੁੱਲ 14 ਲੋਕਾਂ ਨੂੰ ਗੋਲੀ ਵੱਜੀ ਸੀ। ਇਹਨਾਂ ਵਿੱਚੋਂ ਚਾਰ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅਸੀਂ ਪਹਿਲਾਂ ਸੋਚਿਆ ਕਿ ਇਹ ਜਨਮਦਿਨ ਦੀ ਪਾਰਟੀ ਵਿੱਚ ਪਟਾਕੇ ਚੱਲ ਰਹੇ ਹਨ। ਫਿਰ ਸਾਨੂੰ ਅਹਿਸਾਸ ਹੋਇਆ ਕਿ ਇਹ ਗੋਲੀਬਾਰੀ ਸੀ।
ਸ਼ਹਿਰ ਦੇ ਉਪ ਮੇਅਰ ਜੇਸਨ ਲੀ ਨੇ ਫੇਸਬੁੱਕ 'ਤੇ ਲਿਖਿਆ, ਅੱਜ ਮੇਰਾ ਦਿਲ ਬਹੁਤ ਦੁਖੀ ਹੈ । ਇੱਕ ਬੱਚੇ ਦੇ ਜਨਮ ਦਿਨ ਦੀ ਪਾਰਟੀ ਵਿੱਚ ਹੋਈ ਇਸ ਸਮੂਹਿਕ ਗੋਲੀਬਾਰੀ ਨਾਲ ਮੈਂ ਦੁਖੀ ਅਤੇ ਗੁੱਸੇ ਵਿੱਚ ਹਾਂ । ਸਾਡਾ ਭਾਈਚਾਰਾ ਸੱਚ ਜਾਣਨ ਦਾ ਹੱਕਦਾਰ ਹੈ ਅਤੇ ਪੀੜਿਤ ਪਰਿਵਾਰਾਂ ਨੂੰ ਇਨਸਾਫ ਅਤੇ ਹਰ ਸੰਭਵ ਮਦਦ ਮਿਲਣੀ ਚਾਹੀਦੀ ਹੈ।
ਸੈਨ ਜੋਆਕੁਇਨ ਕਾਉਂਟੀ ਸ਼ੈਰਿਫ਼ ਦਫ਼ਤਰ ਮੁਤਾਬਿਕ ਪੀੜਤਾਂ ਵਿੱਚ ਬੱਚੇ ਅਤੇ ਵੱਡੇ ਦੋਵੇਂ ਸ਼ਾਮਿਲ ਹਨ। ਸੈਰਿਫ ਦਫਤਰ ਦੇ ਬੁਲਾਰੇ ਮੁਤਾਬਕ ਸ਼ੁਰੂਆਤੀ ਸੰਕੇਤ ਤੋਂ ਇਹ ਇੱਕ ਸੋਚੀ ਸਮਝੀ ਸਾਜਿਸ਼ ਲਗ ਰਹੀ ਹੈ। ਇਸ ਸਮੇਂ ਸਾਡੀ ਪਹਿਲੀ ਤਰਜੀਹ ਸ਼ੂਟਰ ਦੀ ਪਛਾਣ ਕਰਨਾ ਹੈ।