ਨਵੀਂ ਦਿੱਲੀ:-ਸਸਪੈਂਡਡ DIG ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਮੰਗਣ ਦੇ ਦੋਸ਼ਾਂ ਵਿੱਚ ਕਾਬੂ ਕੀਤਾ ਗਿਆ ਸੀ,ਜਿਸ ਨੂੰ ਚਣੌਤੀ ਦੇਣ ਲਈ DIG ਹਰਚਰਨ ਸਿੰਘ ਭੁੱਲਰ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ, ਪਰ ਸੁਪਰੀਮ ਕੋਰਟ ਨੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅੰਤਰਿਮ ਰਾਹਤ ਪਟੀਸ਼ਨ ’ਤੇ ਅੱਜ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦਈਏ DIG ਭੁੱਲਰ ਨੇ ਕੇਂਦਰੀ ਜਾਂਚ ਬਿਊਰੋ ਦੀ ਕਾਰਵਾਈ ’ਤੇ ਰੋਕ ਲਗਾਉਣ ਦੇ ਨਾਲ-ਨਾਲ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ।
ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਨੇ ਸਸਪੈਂਡਡ DIG ਹਰਚਰਨ ਸਿੰਘ ਭੁੱਲਰ ਨੂੰ ਕਿਸੇ ਵੀ ਰਾਹਤ ਤੋਂ ਇਨਕਾਰ ਕਰਦੇ ਹੋਏ, ਭੁੱਲਰ ਦੇ ਵਕੀਲ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਸੁਣਵਾਈ ਦਾ ਦਬਾਅ ਨਾ ਪਾਉਣ, ਕਿਉਂਕਿ ਜੇ ਉਪਰਲੀ ਅਦਾਲਤ ਨੇ ਇਸ ਮਾਮਲੇ ਉੱਤੇ ਹੁਕਮ ਸੁਣਾਇਆ ਤਾਂ ਉਹਨਾਂ ਨੂੰ ਪਸੰਦ ਨਹੀਂ ਆਵੇਗਾ। ਇਸ ਤੋਂ ਪਹਿਲਾ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ CBI ਦੀ ਕਾਰਵਾਈ ਉੱਤੇ ਰੋਕ ਲਗਾਉਣ ਅਤੇ ਜੇਲ੍ਹ ਤੋਂ ਅੰਤਰਿਮ ਰਿਹਾਈ ਦੀ ਡੀਆਈਜੀ ਭੁੱਲਰ ਦੀ ਅਪੀਲ ਪਟੀਸ਼ਨ ਰੱਦ ਕਰ ਦਿੱਤੀ ਅਤੇ ਇਹ ਮਾਮਲਾ ਜਨਵਰੀ ਤੱਕ ਮੁਲਤਵੀ ਕਰਨ ਦਾ ਫੈਸਲਾ ਲਿਆ।
ਸਸਪੈਂਡਡ DIG ਹਰਚਰਨ ਸਿੰਘ ਭੁੱਲਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਵਿਕਰਮ ਚੌਧਰੀ ਨੇ ਅਦਾਲਤ ਦੇ ਬੈਂਚ ਨੂੰ ਅਪੀਲ ਕੀਤੀ ਕਿ ਹਾਈਕੋਰਟ ਨੂੰ ਘੱਟੋ ਘੱਟ ਅੰਤਰਿਮ ਰਾਹਤ ਦਾ ਫੈਸਲਾ ਕਰਨ ਲਈ ਕਿਹਾ ਜਾਵੇ ਤਾਂ CJI
ਨੇ ਟਿੱਪਣੀ ਕੀਤੀ,‘ਸ੍ਰੀਮਾਨ ਚੌਧਰੀ ਬਿਹਤਰ ਹੈ ਕਿ ਸਾਨੂੰ ਮਜ਼ਬੂਰ ਨਾ ਕੀਤਾ ਜਾਵੇ ਕਿ ਅਸੀਂ ਇਸ ਮਾਮਲੇ ਉੱਤੇ ਹੋਰ ਟਿੱਪਣੀ ਕਰੀਏ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ CBI ਵੱਲੋਂ DIG ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਮੋਹਾਲੀ ਤੋਂ ਕੀਤੀ ਗਈ ਸੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇੱਕ ਐਕਟ ਪਾਸ ਕੀਤਾ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸੀਬੀਆਈ ਪੰਜਾਬ ਵਿਚ ਰੇਡ ਨਹੀਂ ਮਾਰ ਸਕਦੀ। ਜਿਸ ਤਹਿਤ ਸਸਪੈਂਡਡ DIG ਹਰਚਰਨ ਸਿੰਘ ਭੁੱਲਰ ਨੇ ਪਹਿਲਾਂ ਹਾਈਕੋਰਟ ਵਿਚ ਇਸੇ ਗੱਲ ਨੂੰ ਲੈ ਕੇ ਚੈਲੇਂਜ ਕੀਤਾ ਸੀ, ਜਿਸ ਵਿੱਚ ਭੁੱਲਰ ਨੇ ਕਿਹਾ ਸੀ ਕਿ ਮੋਹਾਲੀ ਵਿਚ ਛਾਪਾ ਮਾਰ ਕੇ ਗ੍ਰਿਫਤਾਰ ਕਰਨ ਨੂੰ ਗੈਰ-ਕਾਨੂੰਨੀ ਦੱਸਿਆ ਸੀ,ਪਰ ਫਿਲਹਾਲ ਹਾਈਕੋਰਟ ਤੋਂ ਭੁੱਲਰ ਨੂੰ ਰਾਹਤ ਨਹੀਂ ਮਿਲੀ।
ਦੱਸ ਦਈਏ ਕਿ ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਨੂੰ 16 ਅਕਤੂਬਰ, 2025 ਨੂੰ 8 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਆਰੋਪ ਵਿੱਚ ਕਾਬੂ ਕੀਤਾ ਸੀ। ਜਿਸ ਤੋਂ ਬਾਅਦ ਵਿੱਚ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਦੀਆਂ ਕਈ ਜਾਇਦਾਦਾਂ ਨਾਲ ਸਬੰਧਤ ਨਕਦੀ, ਸੋਨਾ ਅਤੇ ਦਸਤਾਵੇਜ਼ ਮਿਲਣ ਦਾ ਦਾਅਵਾ ਵੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ 19 ਅਕਤੂਬਰ ਨੂੰ DIG ਹਰਚਰਨ ਸਿੰਘ ਭੁੱਲਰ ਨੂੰ ਮੁਅੱਤਲ ਕਰ ਦਿੱਤਾ ਸੀ। ਉੱਥੇ ਹੀ ਸੀਬੀਆਈ ਨੇ 29 ਅਕਤੂਬਰ, 2025 ਨੂੰ ਦੂਜੀ FIR ਦਰਜ ਕੀਤੀ, ਜਿਸ ਵਿੱਚ ਆਮਦਨ ਤੋਂ ਵੱਧ ਜਾਇਦਾਦ ਹੋਣ ਦਾ ਆਰੋਪੀ ਲਾਇਆ ਸੀ। ਇਸ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ DIG ਹਰਚਰਨ ਸਿੰਘ ਭੁੱਲਰ ਵਿਰੁੱਧ ਮਾਮਲਾ ਦਰਜ ਕੀਤਾ।