ਚੰਡੀਗੜ੍ਹ:-ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਲਈ ਇਸ ਸਮੇਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਅੱਜ ਅਕਾਲ ਚਲਾਣਾ ਕਰ ਗਏ ਹਨ, ਉਹਨਾਂ ਦੇ ਦੇਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਚੱਲ ਰਹੀ ਹੈ। ਪੂਰਨਸ਼ਾਹ ਕੋਟੀ ਮਾਸਟਰ ਸਲੀਮ ਦੇ ਪਿਤਾ ਹੀ ਨਹੀਂ ਸਗੋਂ ਉਨ੍ਹਾਂ ਦੇ ਉਸਤਾਦ ਵੀ ਸਨ। ਪੂਰਨਸ਼ਾਹ ਕੋਟੀ ਸਾਬਰ ਕੋਟੀ, ਹੰਸ ਰਾਜ ਹੰਸ ਦੇ ਵੀ ਉਸਤਾਦ ਰਹਿ ਚੁੱਕੇ ਹਨ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਉਹ ਆਪਣੇ ਪੁੱਤਰ ਨਾਲ ਦਿਓਲ ਨਗਰ,ਜਲੰਧਰ ਵਿੱਚ ਰਹਿੰਦੇ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਜਲੰਧਰ ਦੇ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਸਨ। ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੇ ਪੂਰਨ ਸ਼ਾਹ ਕੋਟੀ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਮਾਸਟਰ ਸਲੀਮ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸੋਸ਼ਲ ਮੀਡੀਆ ਰਾਹੀਂ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ, ਇਸ ਸਮੇਂ ਪਰਿਵਾਰ ਡੂੰਘੇ ਸਦਮੇ ਵਿੱਚ ਹੈ।
ਉੱਚ ਕੋਟੀ ਕਲਾਕਾਰਾਂ ਦੇ ਰਹੇ ਉਸਤਾਦ:- ਪੂਰਨ ਸ਼ਾਹ ਕੋਟੀ ਜੀ ਸਿਰਫ਼ ਇੱਕ ਗਾਇਕ ਹੀ ਨਹੀਂ ਸਨ, ਸਗੋਂ ਉਹ ਸੰਗੀਤ ਦੇ ਇੱਕ ਅਜਿਹੇ ਸਕੂਲ ਸਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਨਾਮੀ ਸਿਤਾਰੇ ਦਿੱਤੇ। ਉਨ੍ਹਾਂ ਨੇ ਹੰਸ ਰਾਜ ਹੰਸ,ਸਾਬਰ ਕੋਟੀ, ਜਸਬੀਰ ਜੱਸੀ, ਅਤੇ ਆਪਣੇ ਸਪੁੱਤਰ ਮਾਸਟਰ ਸਲੀਮ ਸਮੇਤ ਕਈ ਵੱਡੇ ਕਲਾਕਾਰਾਂ ਨੂੰ ਸੰਗੀਤ ਦੀ ਗੁੜ੍ਹਤੀ ਦਿੱਤੀ ਸੀ। ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਪੰਜਾਬੀ ਸੱਭਿਆਚਾਰ ਅਤੇ ਸੂਫ਼ੀ ਗਾਇਕੀ ਦੇ ਲੇਖੇ ਲਾਈ। ਉਨ੍ਹਾਂ ਦੀ ਗਾਇਕੀ ਵਿੱਚ ਰੂਹਾਨੀਅਤ ਅਤੇ ਸਾਦਗੀ ਦੀ ਮਹਿਕ ਸੀ।