ਅੰਮ੍ਰਿਤਸਰ ਦੇ ਕੋਰਟ ਰੋਡ 'ਤੇ ਸਥਿਤ ਹੋਟਲ ਕਿੰਗਜ਼ ਰੂਟ 'ਤੇ ਸ਼ੱਕੀ ਹਾਲਾਤਾਂ ਵਿੱਚ ਇੱਕ ਵਿਆਹੁਤਾ ਔਰਤ ਦੇ ਕਤਲ ਨਾਲ ਇਲਾਕੇ ਵਿੱਚ ਹਲਚਲ ਮਚ ਗਈ ਹੈ। ਮ੍ਰਿਤਕਾ ਦੀ ਪਛਾਣ ਪ੍ਰਭਜੋਤ ਕੌਰ ਵਜੋਂ ਹੋਈ ਹੈ, ਜੋ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਵੜੈਚ ਦੀ ਰਹਿਣ ਵਾਲੀ ਹੈ। ਪੁਲਿਸ ਅਨੁਸਾਰ ਔਰਤ ਦਾ ਪਤੀ ਮਨਦੀਪ ਸਿੰਘ ਢਿੱਲੋਂ ਫਰਾਰ ਹੈ ਅਤੇ ਉਸ 'ਤੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ।
ਦੋਹਾਂ ਪਤਿ-ਪਤਨੀ ਕਾਫ਼ੀ ਸਮੇਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਸਨ ਅਤੇ ਹਾਲ ਹੀ ਵਿੱਚ ਇਕ ਪਰਿਵਾਰਕ ਧਾਰਮਿਕ ਸਮਾਰੋਹ ਲਈ ਭਾਰਤ ਆਏ ਸਨ। ਦੋਹਾਂ ਹੋਟਲ ਵਿੱਚ ਰੁਕੇ ਹੋਏ ਸਨ।
ਸ਼ੱਕ ਕਾਰਨ ਵਧੀਆਂ ਘਰੇਲੂ ਕਲੇਸ਼
ਮ੍ਰਿਤਕਾ ਦੇ ਭਰਾ ਲਵਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਸਦੀ ਭੈਣ ਦਾ ਵਿਆਹ ਸੱਤ ਸਾਲ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜੇਠੂਵਾਲ ਵਿੱਚ ਹੋਇਆ ਸੀ। ਸ਼ੁਰੂਆਤੀ ਸਾਲਾਂ ਵਿੱਚ ਸਭ ਕੁਝ ਠੀਕ ਚੱਲਿਆ, ਪਰ ਬਾਅਦ ਵਿੱਚ ਉਸਦੇ ਪਤੀ ਦੇ ਸ਼ੱਕ ਕਾਰਨ ਘਰੇਲੂ ਕਲੇਸ਼ ਵਧਣ ਲੱਗੇ। ਲਵਪ੍ਰੀਤ ਸਿੰਘ ਦੇ ਅਨੁਸਾਰ ਇਹ ਜੋੜਾ ਕੁਝ ਸਮੇਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਿਹਾ ਸੀ ਅਤੇ ਹਾਲ ਹੀ ਵਿੱਚ ਇੱਕ ਪਰਿਵਾਰਕ ਧਾਰਮਿਕ ਸਮਾਰੋਹ ਲਈ ਭਾਰਤ ਵਾਪਸ ਆਇਆ ਸੀ।
ਮ੍ਰਿਤਕਾ ਦੇ ਪਿਤਾ ਮੱਖਣ ਸਿੰਘ ਦੱਸਿਆ
ਕਿ ਉਹਨਾਂ ਦੀ ਧੀ ਦਾ ਵਿਆਹ ਇਕ ਚੰਗੇ ਪਰਿਵਾਰ ਵਿੱਚ ਹੋਇਆ ਸੀ ਅਤੇ ਲੰਬੇ ਸਮੇਂ ਤੱਕ ਕੋਈ ਵੱਡੀ ਰੁਕਾਵਟ ਨਹੀਂ ਸੀ। ਪਰਿਵਾਰ ਨੇ ਇਸ ਦੁਖਦਾਈ ਘਟਨਾ ਨਾਲ ਗਹਿਰਾ ਧੱਕਾ ਮਹਿਸੂਸ ਕੀਤਾ ਹੈ, ਖ਼ਾਸ ਕਰਕੇ ਛੇ-ਸੱਤ ਮਹੀਨੇ ਦੇ ਛੋਟੇ ਬੱਚੇ ਲਈ, ਜੋ ਹੁਣ ਆਪਣੇ ਮਾਪਿਆਂ ਤੋਂ ਵੰਚਿਤ ਰਹਿ ਗਿਆ ਹੈ।
ਏਸੀਪੀ ਲਖਵਿੰਦਰ ਸਿੰਘ: 112 'ਤੇ ਮਿਲੀ ਸੂਚਨਾ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਸੀਪੀ ਲਖਵਿੰਦਰ ਸਿੰਘ ਕਲੇਰ ਨੇ ਦੱਸਿਆ ਕਿ 112 ਨੂੰ ਦੁਪਹਿਰ 1:30 ਵਜੇ ਦੇ ਕਰੀਬ ਇੱਕ ਫੋਨ ਆਇਆ ਕਿ ਕੋਰਟ ਰੋਡ 'ਤੇ ਇੱਕ ਹੋਟਲ ਵਿੱਚ ਇੱਕ ਔਰਤ ਦੀ ਲਾਸ਼ ਮਿਲੀ ਹੈ। ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮ੍ਰਿਤਕਾ ਅਤੇ ਉਸਦੇ ਪਤੀ ਵਿੱਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ।
ਪੁਲਿਸ ਵੱਲੋਂ ਮਾਮਲਾ ਦਰਜ, ਜਾਂਚ ਜਾਰੀ
ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।