Sunday, 12th of April 2026

ਹਰਿਆਣਾ 'ਚ ਅਜੀਬੋ-ਗਰੀਬ ਮਾਮਲਾ: ਜਿਉਂਦੇ ਬੰਦੇ ਨੂੰ ਕਾਗਜ਼ਾਂ 'ਚ ਮਾਰਿਆ, ਪੈਨਸ਼ਨ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ

By: GTC News Desk | Edited By: Lajwinder Kaur | Updated at: February 26th 2026 10:57 AM
ਹਰਿਆਣਾ 'ਚ ਅਜੀਬੋ-ਗਰੀਬ ਮਾਮਲਾ: ਜਿਉਂਦੇ ਬੰਦੇ ਨੂੰ ਕਾਗਜ਼ਾਂ 'ਚ ਮਾਰਿਆ, ਪੈਨਸ਼ਨ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ

ਹਰਿਆਣਾ 'ਚ ਅਜੀਬੋ-ਗਰੀਬ ਮਾਮਲਾ: ਜਿਉਂਦੇ ਬੰਦੇ ਨੂੰ ਕਾਗਜ਼ਾਂ 'ਚ ਮਾਰਿਆ, ਪੈਨਸ਼ਨ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ

ਹਰਿਆਣਾ ਤੋਂ ਬਹੁਤ ਹੀ ਦੁਖਦਾਈ ਅਤੇ ਹੈਰਾਨੀਜਨਕ ਘਟਨਾ ਸਾਹਮਣੇ ਆਈ, ਜਿੱਥੇ ਸਰਕਾਰੀ ਤੰਤਰ ਦੀ ਇੱਕ ਗਲਤੀ ਨੇ ਕਿਸੇ ਇਨਸਾਨ ਦੀ ਹੋਂਦ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਰਿਆਣਾ ਦੇ ਚੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਵਾਰਡ ਨੰਬਰ 3 ਦੇ ਨਿਵਾਸੀ ਜੋਗਿੰਦਰ ਸਿੰਘ ਜਦੋਂ ਆਪਣੀ ਰੁਕੀ ਹੋਈ ਪੈਨਸ਼ਨ ਬਾਰੇ ਪੁੱਛਣ ਲਈ ਦਫ਼ਤਰ ਪਹੁੰਚੇ, ਤਾਂ ਅੱਗੋਂ ਅਧਿਕਾਰੀਆਂ ਨੇ ਜੋ ਕਿਹਾ ਉਹ ਸੁਣ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਅਧਿਕਾਰੀਆਂ ਨੇ ਕਿਹਾ, "ਤੁਸੀਂ ਤਾਂ ਮਰ ਚੁੱਕੇ ਹੋ, ਫਿਰ ਇੱਥੇ ਕਿਵੇਂ ਆ ਗਏ?" ਦਰਅਸਲ, ਸਮਾਜ ਭਲਾਈ ਵਿਭਾਗ ਦੇ ਰਿਕਾਰਡ ਵਿੱਚ ਜੋਗਿੰਦਰ ਸਿੰਘ (Joginder Singh) ਨੂੰ ਸਾਲ 2023 ਵਿੱਚ ਹੀ 'ਮ੍ਰਿਤਕ' ਦਿਖਾ ਦਿੱਤਾ ਗਿਆ ਸੀ। ਇਸ ਗਲਤੀ ਕਾਰਨ ਉਨ੍ਹਾਂ ਦੀ ਪੈਨਸ਼ਨ ਪਿਛਲੇ ਇੱਕ ਸਾਲ ਤੋਂ ਬੰਦ ਸੀ। ਜੋਗਿੰਦਰ ਸਿੰਘ ਨੂੰ ਆਪਣੀ ਹੀ ਜ਼ਿੰਦਗੀ ਦਾ ਸਬੂਤ ਦੇਣ ਲਈ ਦਫ਼ਤਰਾਂ ਦੇ ਚੱਕਰ ਕੱਟਣੇ ਪਏ ਅਤੇ ਅਧਿਕਾਰੀਆਂ ਨੂੰ ਦੱਸਣਾ ਪਿਆ ਕਿ ਉਹ ਕਾਗਜ਼ਾਂ ਵਿੱਚ ਭਾਵੇਂ ਮਰ ਚੁੱਕੇ ਹੋਣ, ਪਰ ਅਸਲ ਵਿੱਚ ਉਹ ਜਿਉਂਦੇ-ਜਾਗਦੇ ਉਨ੍ਹਾਂ ਦੇ ਸਾਹਮਣੇ ਖੜ੍ਹੇ ਹਨ।

ਬਜ਼ੁਰਗ ਨੂੰ ਖੁਦ ਨੂੰ 'ਜ਼ਿੰਦਾ' ਸਾਬਤ ਕਰਨ ਖਾਣੀ ਪੈ ਰਹੀਆਂ ਦਰ-ਦਰ ਦੀਆਂ ਠੋਕਰਾਂ

ਜਦੋਂ ਕਈ ਮਹੀਨਿਆਂ ਤੱਕ ਜੋਗਿੰਦਰ ਸਿੰਘ ਦੇ ਬੈਂਕ ਖਾਤੇ ਵਿੱਚ ਪੈਨਸ਼ਨ ਦੀ ਰਾਸ਼ੀ ਨਹੀਂ ਆਈ, ਤਾਂ ਉਹ ਪਰੇਸ਼ਾਨ ਹੋ ਕੇ ਸਬੰਧਤ ਵਿਭਾਗ ਦੇ ਦਫ਼ਤਰ ਪਹੁੰਚੇ। ਉੱਥੇ ਮੌਜੂਦ ਅਧਿਕਾਰੀਆਂ ਨੇ ਜਦੋਂ ਰਿਕਾਰਡ ਚੈੱਕ ਕੀਤਾ ਤਾਂ ਉਨ੍ਹਾਂ ਨੇ ਜੋਗਿੰਦਰ ਸਿੰਘ ਨੂੰ ਦੱਸਿਆ ਕਿ ਸਰਕਾਰੀ ਕਾਗਜ਼ਾਂ ਅਨੁਸਾਰ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਇਹ ਸੁਣ ਕੇ ਜੋਗਿੰਦਰ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਹ ਹੱਕੇ-ਬੱਕੇ ਰਹਿ ਗਏ। ਉਹ ਇਸ ਗੱਲੋਂ ਹੈਰਾਨ ਸਨ ਕਿ ਜਿਹੜਾ ਇਨਸਾਨ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਅਧਿਕਾਰੀਆਂ ਦੇ ਬਿਲਕੁਲ ਸਾਹਮਣੇ ਖੜ੍ਹਾ ਹੈ, ਉਸ ਨੂੰ ਸਰਕਾਰੀ ਸਿਸਟਮ ਨੇ ਆਪਣੀ ਫਾਈਲ ਵਿੱਚ ਕਿਵੇਂ ਮਾਰ ਦਿੱਤਾ?

ਇਹ ਮਾਮਲਾ ਸਾਫ਼ ਕਰਦਾ ਹੈ ਕਿ ਕਿਵੇਂ ਸਰਕਾਰੀ ਲਾਪਰਵਾਹੀ ਕਾਰਨ ਇੱਕ ਜਿਉਂਦਾ ਇਨਸਾਨ ਆਪਣੀ ਹੀ ਹੋਂਦ ਦਾ ਸਬੂਤ ਦੇਣ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋ ਜਾਂਦਾ ਹੈ।

ਸਿਸਟਮ ਦੀਆਂ ਫਾਈਲਾਂ 'ਚ 'ਜ਼ਿੰਦਾ' ਹੋਣ ਦੀ ਜੰਗ

ਹੁਣ ਜੋਗਿੰਦਰ ਸਿੰਘ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਬਣ ਗਈ ਹੈ ਕਿ ਉਹ ਸਰਕਾਰੀ ਰਿਕਾਰਡ ਵਿੱਚ ਖੁਦ ਨੂੰ 'ਜ਼ਿੰਦਾ' ਸਾਬਤ ਕਰਨ। ਇਸ ਅਜੀਬੋ-ਗਰੀਬ ਮੁਸੀਬਤ ਵਿੱਚੋਂ ਨਿਕਲਣ ਲਈ ਉਨ੍ਹਾਂ ਨੂੰ ਕਈ ਮਹੀਨਿਆਂ ਤੱਕ ਸਰਕਾਰੀ ਦਫ਼ਤਰਾਂ ਦੇ ਦਰਵਾਜ਼ੇ ਖੜਕਾਉਂਣੇ ਪਏ। ਸਰਕਾਰੀ ਲਾਪਰਵਾਹੀ ਦਾ ਆਲਮ ਇਹ ਰਿਹਾ ਕਿ ਜਨਵਰੀ ਤੋਂ ਲੈ ਕੇ ਦਸੰਬਰ 2024 ਤੱਕ ਜੋਗਿੰਦਰ ਸਿੰਘ ਦੀ ਬੁਢਾਪਾ ਪੈਨਸ਼ਨ ਪੂਰੀ ਤਰ੍ਹਾਂ ਬੰਦ ਰਹੀ।

ਆਪਣੀ ਹੋਂਦ ਦੀ ਲੜਾਈ ਲੜ ਰਹੇ ਜੋਗਿੰਦਰ ਸਿੰਘ ਨੇ ਸਮਾਜ ਭਲਾਈ ਵਿਭਾਗ ਤੋਂ ਲੈ ਕੇ ਜ਼ਿਲ੍ਹੇ ਦੇ ਡੀ.ਸੀ. (DC) ਤੱਕ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਅਤੇ ਗੁਹਾਰ ਲਗਾਈ, ਪਰ ਅਫ਼ਸੋਸ ਦੀ ਗੱਲ ਹੈ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਸਿਸਟਮ ਦੇ ਅੜੀਅਲ ਵਤੀਰੇ ਕਾਰਨ ਇੱਕ ਬਜ਼ੁਰਗ ਨੂੰ ਜਿਉਂਦੇ ਜੀਅ ਆਪਣੀ ਹੋਂਦ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।