ਜਲੰਧਰ ਵੈਸਟ ਦੇ ਭਾਰਗਵ ਕੈਂਪ ਇਲਾਕੇ ਵਿੱਚ 25 ਸਾਲਾ ਨੌਜਵਾਨ ਦੀ ਮੌਤ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਨਸ਼ੇ ਦੇ ਗੰਭੀਰ ਮਸਲੇ ਨੂੰ ਬੇਨਕਾਬ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਅਮਿਤ ਵਜੋਂ ਹੋਈ ਹੈ, ਜੋ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਅਮਿਤ ਦੀ ਮੌਤ ਚਿੱਟੇ ਦੀ ਓਵਰਡੋਜ਼ ਕਾਰਨ ਹੋਈ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਿਤ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਹ ਹੀ ਘਰ ਦਾ ਇਕੱਲਾ ਕਮਾਉਣ ਵਾਲਾ ਸੀ। ਉਸ ਦੀ ਚਾਰ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦਾ ਦੋ ਸਾਲ ਦਾ ਇੱਕ ਪੁੱਤ ਹੈ ਅਤੇ ਪਤਨੀ ਇਸ ਸਮੇਂ ਸੱਤ ਮਹੀਨੇ ਦੀ ਗਰਭਵਤੀ ਹੈ। ਅਚਾਨਕ ਹੋਈ ਇਸ ਮੌਤ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਅਮਿਤ ਆਪਣੇ ਦੋਸਤਾਂ ਕੋਲ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ। ਕੁਝ ਹੀ ਸਮੇਂ ਬਾਅਦ ਉਸ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਜਾਣਕਾਰੀ ਮਿਲਣ ’ਤੇ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਪਰਿਵਾਰ ਦਾ ਕਹਿਣਾ ਹੈ ਕਿ ਅਮਿਤ ਨੂੰ ਪਹਿਲਾਂ ਵੀ ਚਿੱਟੇ ਦੀ ਲਤ ਲੱਗ ਚੁੱਕੀ ਸੀ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਸੀ। ਉਹਨਾਂ ਨੇ ਕਈ ਵਾਰ ਉਸ ਨੂੰ ਸਹੀ ਰਾਹ ’ਤੇ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਇਲਾਕੇ ਵਿੱਚ ਆਸਾਨੀ ਨਾਲ ਮਿਲਦੇ ਨਸ਼ੇ ਨੇ ਆਖਿਰਕਾਰ ਉਸ ਦੀ ਜਾਨ ਲੈ ਲਈ।
ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਭਾਰਗਵ ਕੈਂਪ ਦੇ ਐਸਐਚਓ ਮੋਹਨ ਲਾਲ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨ ਸਪਸ਼ਟ ਹੋਣਗੇ।
ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਹੀ ਨਸ਼ਿਆਂ ਖ਼ਿਲਾਫ਼ ਮੁਹਿੰਮ ਦਾ ਦੂਜਾ ਚਰਨ ਸ਼ੁਰੂ ਕੀਤਾ ਗਿਆ ਹੈ। ਇਸ ਦੇ ਬਾਵਜੂਦ ਜਲੰਧਰ ਦੀ ਇਹ ਘਟਨਾ ਸਰਕਾਰੀ ਦਾਵਿਆਂ ਅਤੇ ਗਰਾਊਂਡ ਲੈਵਲ ਹਕੀਕਤ ਵਿਚਕਾਰ ਵੱਡੇ ਫਰਕ ਨੂੰ ਦਰਸਾਉਂਦੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਸਰਗਰਮ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਹੋਰ ਕਿਸੇ ਘਰ ਦਾ ਚਿਰਾਗ਼ ਇਸ ਤਰ੍ਹਾਂ ਨਾ ਬੁਝੇ।