ਮਲੋਟ ਦੇ ਨਜ਼ਦੀਕ ਪੈਂਦੇ ਪਿੰਡ ਆਲਮਵਾਲਾ ਕੋਲੋਂ ਲੰਘਦੀ ਨਹਿਰ ਵਿੱਚ ਬੀਤੀ ਰਾਤ ਇਕ ਸਵਿਫਟ ਕਾਰ ਡਿੱਗਣ ਕਾਰਨ 30 ਸਾਲਾ ਔਰਤ ਅਤੇ ਉਸ ਦੀ ਢਾਈ ਸਾਲਾ ਬੱਚੀ ਦੀ ਮੌਤ ਹੋ ਗਈ ਸੀ, ਜਦਕਿ ਕਾਰ ਚਾਲਕ ਪਤੀ ਸੁਰੱਖਿਅਤ ਬਚ ਨਿਕਲਿਆ ਸੀ। ਹੁਣ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਔਰਤ ਦੇ ਪਤੀ ਤੇ ਕਤਲ ਦਾ ਦੋਸ਼ ਲਗਾਇਆ ਹੈ।
ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਸ਼ਾਹਿਲ ਵਾਸੀ ਪਿੰਡ ਜੰਡਵਾਲਾ, ਜ਼ਿਲ੍ਹਾ ਫਾਜ਼ਿਲਕਾ ਨਾਲ ਹੋਇਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਦੋਵਾਂ ਵਿੱਚ ਅਕਸਰ ਲੜਾਈ-ਝਗੜਾ ਰਹਿੰਦਾ ਸੀ ਅਤੇ ਆਰੋਪੀ ਦੇ ਕਈ ਹੋਰ ਔਰਤਾਂ ਨਾਲ ਨਜਾਇਜ਼ ਸੰਬੰਧ ਸਨ। ਉਨ੍ਹਾਂ ਦੱਸਿਆ ਕਿ ਸ਼ਾਹਿਲ ਆਪਣੀ ਪਤਨੀ ਅਤੇ ਬੱਚੀ ਨੂੰ ਆਪਣੇ ਪਿੰਡ ਲੈ ਕੇ ਆ ਰਿਹਾ ਸੀ, ਜਿਸ ਦੌਰਾਨ ਉਸ ਨੇ ਜਾਨਬੁੱਝ ਕੇ ਕਾਰ ਨੂੰ ਨਹਿਰ ਵਿਚ ਸੁੱਟ ਦਿੱਤਾ ਅਤੇ ਖੁਦ ਬਚ ਨਿਕਲਿਆ, ਜਿਸ ਕਾਰਨ ਔਰਤ ਅਤੇ ਬੱਚੀ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਆਰੋਪੀ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜਦ ਤੱਕ ਕਤਲ ਦਾ ਪਰਚਾ ਦਰਜ ਨਹੀਂ ਕੀਤਾ ਜਾਂਦਾ, ਉਹ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ।
ਦੂਜੇ ਪਾਸੇ ਥਾਣਾ ਕਬਰਵਾਲਾ ਦੀ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ, ਉਸ ਦੇ ਅਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।