ਸੰਗਰੂਰ ਦੇ ਨਜ਼ਦੀਕੀ ਪਿੰਡ ਤੁੰਗਾਂ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ, ਜਿਸ ਨੇ ਪੂਰੇ ਇਲਾਕੇ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ। ਪਤੰਗ ਚੜ੍ਹਾਉਂਦੇ ਸਮੇਂ ਆਪਣੇ ਹੀ ਘਰ ਦੀ ਤੀਜੀ ਮੰਜ਼ਿਲ ਤੋਂ ਡਿੱਗ ਕੇ 12 ਸਾਲਾ ਹਰਜੋਤ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਹਰਜੋਤ ਸਿੰਘ ਛੇਵੀਂ ਕਲਾਸ ਦਾ ਵਿਦਿਆਰਥੀ ਸੀ ਅਤੇ ਆਪਣੇ ਮਾਪਿਆਂ ਦਾ ਇਕੱਲਾ ਪੁੱਤ ਸੀ।
ਜਾਣਕਾਰੀ ਮੁਤਾਬਕ ਬੀਤੇ ਕੱਲ੍ਹ 11 ਜਨਵਰੀ ਨੂੰ ਸ਼ਾਮ ਦੇ ਸਮੇਂ ਹਰਜੋਤ ਸਿੰਘ ਆਪਣੇ ਤਿੰਨ ਮੰਜ਼ਿਲਾਂ ਘਰ ਦੀ ਛੱਤ ਉੱਤੇ ਪਤੰਗ ਉਡਾ ਰਿਹਾ ਸੀ। ਘਰ ਵਿੱਚ ਲੱਗੀ ਲਿਫ਼ਟ ਵਾਲੀ ਜਗ੍ਹਾ ਦੇ ਉੱਪਰ ਗਰਿੱਲਾਂ ਕੋਲ ਖੜ੍ਹ ਕੇ ਪਤੰਗ ਚੜ੍ਹਾਉਂਦੇ ਹੋਏ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਉਹ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਪਿਆ।
ਹਾਦਸੇ ਵਿੱਚ ਹਰਜੋਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰ ਹਰਜੋਤ ਨੂੰ ਸੰਗਰੂਰ ਦੇ ਇੱਕ ਪ੍ਰਾਈਵੇਟ ਹਸਪਤਾਲ ਲੈ ਕੇ ਪਹੁੰਚੇ। ਉਥੋਂ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਪਟਿਆਲਾ ਦੇ ਅਮਰ ਹਸਪਤਾਲ ਰੈਫਰ ਕਰ ਦਿੱਤਾ, ਪਰ ਦੁਖਦਾਈ ਗੱਲ ਇਹ ਰਹੀ ਕਿ ਰਸਤੇ ਵਿੱਚ ਹੀ ਹਰਜੋਤ ਸਿੰਘ ਨੇ ਦਮ ਤੋੜ ਦਿੱਤਾ। ਅੱਜ ਸੋਮਵਾਰ ਨੂੰ ਸਵੇਰੇ ਕਰੀਬ 11 ਵਜੇ ਬੱਚੇ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਪਰਿਵਾਰ ਨੇ ਆਰੋਪ ਲਗਾਇਆ ਹੈ ਕਿ ਚਾਈਨਾ ਡੋਰ ਦੀ ਬੇਰੋਕ-ਟੋਕ ਵਿਕਰੀ ਕਾਰਨ ਅਜਿਹੇ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਚਾਈਨਾ ਡੋਰ ਨਾ ਮਿਲੇ ਤਾਂ ਬੱਚੇ ਪਤੰਗ ਚੜ੍ਹਾਉਣ ਸਮੇਂ ਆਪਣੀ ਜਾਨ ਨਾ ਗਵਾਉਣ। ਪਰਿਵਾਰ ਨੇ ਪੰਜਾਬ ਸਰਕਾਰ ਤੋਂ ਚਾਈਨਾ ਡੋਰ ਦੀ ਵਿਕਰੀ ‘ਤੇ ਪੂਰਨ ਪਾਬੰਦੀ ਲਗਾਉਣ ਅਤੇ ਆਰੋਪੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।