ਡੋਨਾਲਡ ਟਰੰਪ ਦੇ ਮੁੜ ਸੱਤਾ ਵਿੱਚ ਆਉਣ ਤੋਂ ਬਾਅਦ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਹੋਰ ਸਖ਼ਤ ਹੋ ਗਈ ਹੈ। ਇਸ ਦਾ ਸਿੱਧਾ ਅਸਰ ਪ੍ਰਵਾਸੀਆਂ ਅਤੇ ਵਿਦੇਸ਼ੀ ਨਾਗਰਿਕਾਂ ’ਤੇ ਪਿਆ ਹੈ। ਤਾਜ਼ਾ ਸਾਹਮਣੇ ਆਈ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਮੁਤਾਬਕ ਅਮਰੀਕਾ ਨੇ ਸਾਲ 2025 ਦੌਰਾਨ ਇੱਕ ਲੱਖ ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਮੰਨਿਆ ਜਾ ਰਿਹਾ ਹੈ।
ਰਿਪੋਰਟ ਅਨੁਸਾਰ, ਇਨ੍ਹਾਂ ਵਿੱਚ ਲਗਭਗ 8,000 ਵਿਦਿਆਰਥੀ ਵੀਜ਼ੇ ਅਤੇ ਕਰੀਬ 2,500 ਸਪੈਸ਼ਲਾਈਜ਼ਡ ਵਰਕ (ਖ਼ਾਸ ਤੌਰ ’ਤੇ ਕੰਮ ਕਰਨ ਵਾਲੇ) ਵੀਜ਼ੇ ਸ਼ਾਮਲ ਹਨ। ਸਟੇਟ ਡਿਪਾਰਟਮੈਂਟ ਨੇ ਕਿਹਾ ਹੈ ਕਿ ਇਹ ਕਾਰਵਾਈ ਕੁਝ ਵਿਦੇਸ਼ੀ ਨਾਗਰਿਕਾਂ ਵੱਲੋਂ ਕਾਨੂੰਨ ਦੀ ਉਲੰਘਣਾ ਅਤੇ ਜਨਤਕ ਸੁਰੱਖਿਆ ਲਈ ਖ਼ਤਰਾ ਬਣਨ ਦੇ ਮੱਦੇਨਜ਼ਰ ਕੀਤੀ ਗਈ ਹੈ।
ਟਰੰਪ ਪ੍ਰਸ਼ਾਸਨ ਨੇ ਵੀਜ਼ੇ ਰੱਦ ਕਰਨ ਦੀ ਇਸ ਵੱਡੀ ਮੁਹਿੰਮ ਨੂੰ ਆਪਣੀ ‘ਅਮਰੀਕਾ ਫਰਸਟ’ ਨੀਤੀ ਦਾ ਹਿੱਸਾ ਦੱਸਿਆ ਹੈ। ਸਟੇਟ ਡਿਪਾਰਟਮੈਂਟ ਨੇ ਸੋਸ਼ਲ ਮੀਡੀਆ ‘ਤੇ ਕਿਹਾ, “ਅਸੀਂ ਇਨ੍ਹਾਂ ਗੁੰਡਿਆਂ ਨੂੰ ਡਿਪੋਰਟ ਕਰਦੇ ਰਹਾਂਗੇ ਤਾਂ ਜੋ ਅਮਰੀਕਾ ਸੁਰੱਖਿਅਤ ਰਹੇ।” ਸਰਕਾਰ ਦਾ ਕਹਿਣਾ ਹੈ ਕਿ ਇਹ ਕਾਰਵਾਈ ਅਪਰਾਧ ਵਿੱਚ ਸ਼ਾਮਲ ਲੋਕਾਂ, ਵੀਜ਼ਾ ਮਿਆਦ ਤੋਂ ਵੱਧ ਰਹਿਣ ਵਾਲਿਆਂ ਅਤੇ ਜਨਤਕ ਸੁਰੱਖਿਆ ਲਈ ਖ਼ਤਰਾ ਬਣਨ ਵਾਲਿਆਂ ਖ਼ਿਲਾਫ਼ ਕੀਤੀ ਜਾ ਰਹੀ ਹੈ।
2025 ਵਿੱਚ ਰੱਦ ਕੀਤੇ ਗਏ ਵੀਜ਼ਿਆਂ ਦੀ ਗਿਣਤੀ 2024 ਦੇ ਮੁਕਾਬਲੇ ਦੋਗੁਣੀ ਤੋਂ ਵੀ ਵੱਧ ਹੈ। ਬਾਈਡਨ ਪ੍ਰਸ਼ਾਸਨ ਦੇ ਆਖ਼ਰੀ ਸਾਲ ਦੌਰਾਨ ਲਗਭਗ 40,000 ਵੀਜ਼ੇ ਰੱਦ ਹੋਏ ਸਨ। ਟਰੰਪ ਦੇ ਜਨਵਰੀ 2025 ਵਿੱਚ ਸੱਤਾ ਸੰਭਾਲਣ ਤੋਂ ਬਾਅਦ ਸਖ਼ਤ ਜਾਂਚ ਅਤੇ ਸਕ੍ਰੀਨਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਨਵੰਬਰ 2025 ਤੱਕ ਕਰੀਬ 80,000 ਵੀਜ਼ੇ ਰੱਦ ਹੋ ਚੁੱਕੇ ਸਨ, ਜੋ ਦਸੰਬਰ ਤੱਕ ਵੱਧ ਕੇ ਇੱਕ ਲੱਖ ਤੋਂ ਉੱਪਰ ਪਹੁੰਚ ਗਏ।
ਅਪਰਾਧ ਦੇ ਆਧਾਰ ‘ਤੇ ਕਾਰਵਾਈ
ਰਿਪੋਰਟ ਮੁਤਾਬਕ ਜ਼ਿਆਦਾਤਰ ਰੱਦ ਕੀਤੇ ਗਏ ਵੀਜ਼ੇ ਬਿਜ਼ਨਸ ਅਤੇ ਟੂਰਿਸਟ ਸ਼੍ਰੇਣੀ ਦੇ ਸਨ, ਜਿੱਥੇ ਲੋਕ ਵੀਜ਼ੇ ਦੀ ਮਿਆਦ ਤੋਂ ਵੱਧ ਸਮੇਂ ਤੱਕ ਰਹੇ। ਹਾਲਾਂਕਿ ਹਜ਼ਾਰਾਂ ਵਿਦਿਆਰਥੀਆਂ ਅਤੇ ਸਪੈਸ਼ਲਾਈਜ਼ਡ ਵਰਕਰਾਂ ਦੇ ਵੀਜ਼ੇ ਵੀ ਰੱਦ ਕੀਤੇ ਗਏ।
ਸਪੈਸ਼ਲਾਈਜ਼ਡ ਵਰਕ ਵੀਜ਼ਿਆਂ ਦੇ ਮਾਮਲਿਆਂ ਵਿੱਚ ਕਰੀਬ ਅੱਧੇ ਕੇਸ ਸ਼ਰਾਬ ਪੀ ਕੇ ਗੱਡੀ ਚਲਾਉਣ (DUI) ਨਾਲ ਜੁੜੇ ਸਨ। ਤਕਰੀਬਨ 30 ਫੀਸਦੀ ਕੇਸਾਂ ਵਿੱਚ ਹਮਲਾ, ਮਾਰ-ਕੁੱਟ ਜਾਂ ਗੈਰਕਾਨੂੰਨੀ ਤੌਰ ’ਤੇ ਕੈਦ ਕਰਨ ਦੇ ਦੋਸ਼ ਸਨ। ਬਾਕੀ 20 ਫੀਸਦੀ ਮਾਮਲਿਆਂ ਵਿੱਚ ਚੋਰੀ, ਬੱਚਿਆਂ ਨਾਲ ਦੁਰਵਿਹਾਰ, ਨਸ਼ੀਲੇ ਪਦਾਰਥ, ਧੋਖਾਧੜੀ ਅਤੇ ਗਬਨ ਵਰਗੇ ਅਪਰਾਧ ਸ਼ਾਮਲ ਸਨ।
ਵਿਦਿਆਰਥੀ ਵੀਜ਼ਿਆਂ ਦੇ ਮਾਮਲੇ ਵਿੱਚ ਲਗਭਗ 500 ਵਿਦਿਆਰਥੀਆਂ ਦੇ ਵੀਜ਼ੇ ਨਸ਼ੀਲੇ ਪਦਾਰਥ ਰੱਖਣ ਅਤੇ ਵੰਡਣ ਦੇ ਦੋਸ਼ਾਂ ਤਹਿਤ ਰੱਦ ਕੀਤੇ ਗਏ। ਇਸ ਤੋਂ ਇਲਾਵਾ ਸੈਂਕੜੇ ਵਿਦੇਸ਼ੀ ਵਰਕਰਾਂ ਦੇ ਵੀਜ਼ੇ ਬੱਚਿਆਂ ਨਾਲ ਦੁਰਵਿਹਾਰ ਦੇ ਸ਼ੱਕ ਵਿੱਚ ਰੱਦ ਹੋਏ।
‘ਕੰਟੀਨਿਊਅਸ ਵੇਟਿੰਗ ਸੈਂਟਰ’ ਦੀ ਸ਼ੁਰੂਆਤ
ਟਰੰਪ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਲਈ “ਕੰਟੀਨਿਊਅਸ ਵੇਟਿੰਗ ਸੈਂਟਰ” ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਅਮਰੀਕਾ ਵਿੱਚ ਰਹਿ ਰਹੇ ਹਰ ਵਿਦੇਸ਼ੀ ਨਾਗਰਿਕ ਕਾਨੂੰਨ ਦੀ ਪਾਲਣਾ ਕਰੇ। ਜੇ ਕੋਈ ਵਿਅਕਤੀ ਸੁਰੱਖਿਆ ਲਈ ਖ਼ਤਰਾ ਬਣਦਾ ਹੈ, ਤਾਂ ਉਸ ਦਾ ਵੀਜ਼ਾ ਤੁਰੰਤ ਰੱਦ ਕੀਤਾ ਜਾ ਸਕੇ।
ਅਗਸਤ 2025 ਵਿੱਚ ਕਰੀਬ 55 ਮਿਲੀਅਨ ਵੈਲਿਡ ਵੀਜ਼ਾ ਧਾਰਕਾਂ ਦੀ ਸਮੀਖਿਆ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸਦੇ ਨਾਲ ਹੀ ਦਸੰਬਰ 2025 ਤੋਂ H-1B ਅਤੇ H-4 ਵੀਜ਼ਾ ਲਈ ਅਰਜ਼ੀ ਦੇਣ ਵਾਲਿਆਂ ਦੀ ਸੋਸ਼ਲ ਮੀਡੀਆ ਜਾਂਚ ਹੋਰ ਸਖ਼ਤ ਕਰ ਦਿੱਤੀ ਗਈ ਹੈ।
ਇਸ ਸਖ਼ਤੀ ਦਾ ਅਸਰ ਭਾਰਤ ਸਮੇਤ ਕਈ ਦੇਸ਼ਾਂ ’ਤੇ ਵੇਖਣ ਨੂੰ ਮਿਲਿਆ, ਜਿੱਥੇ H-1B ਵੀਜ਼ਾ ਇੰਟਰਵਿਊ ਟਾਲੇ ਗਏ ਅਤੇ ਕਈ ਅਰਜ਼ੀਕਾਰ ਮਹੀਨਿਆਂ ਤੱਕ ਅਨਿਸ਼ਚਿਤਤਾ ਵਿੱਚ ਫਸੇ ਰਹੇ।