ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਸ਼ਹਿਰ ਤੋਂ ਇੱਕ ਹੈਰਾਨ ਕਰਨ ਵਾਲੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਸਿਵਲ ਲਾਈਨਜ਼ ਇਲਾਕੇ ਵਿੱਚ ਸਥਿਤ ਕਲਿਆਣ ਜਵੈਲਰਜ਼ ਦੇ ਸ਼ੋਅਰੂਮ ਤੋਂ ਕੁਝ ਔਰਤਾਂ ਨੇ ਲਗਭਗ 14 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਹ ਪੂਰੀ ਘਟਨਾ ਨੂੰ ਸਿਰਫ਼ 14 ਮਿੰਟਾਂ ਵਿੱਚ ਅੰਜਾਮ ਦਿੱਤਾ ਗਿਆ ਅਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਜਾਣਕਾਰੀ ਅਨੁਸਾਰ, ਇਹ ਘਟਨਾ ਸਰਦਾਰ ਪਟੇਲ ਮਾਰਗ ‘ਤੇ ਸਥਿਤ ਕਲਿਆਣ ਜਵੈਲਰਜ਼ ਸ਼ੋਅਰੂਮ ਵਿੱਚ ਵਾਪਰੀ। ਹੁਣ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤਿੰਨ ਔਰਤਾਂ ਸ਼ੀਸ਼ੇ ਦੇ ਕਾਊਂਟਰ ਸਾਹਮਣੇ ਬੈਠ ਕੇ ਸੋਨੇ ਦੇ ਗਹਿਣੇ ਵੇਖਦੀਆਂ ਨਜ਼ਰ ਆ ਰਹੀਆਂ ਹਨ।
ਫੁਟੇਜ ਮੁਤਾਬਕ, ਇੱਕ ਔਰਤ ਸੇਲਜ਼ਪਰਸਨ ਨੂੰ ਗੱਲਾਂ ਵਿੱਚ ਉਲਝਾ ਕੇ ਉਸਦਾ ਧਿਆਨ ਭਟਕਾਉਂਦੀ ਹੈ। ਇਸ ਦੌਰਾਨ ਦੂਜੀ ਔਰਤ ਮੌਕੇ ਦਾ ਫਾਇਦਾ ਉਠਾਉਂਦਿਆਂ ਸ਼ੀਸ਼ੇ ਦੇ ਕਾਊਂਟਰ ਅੰਦਰੋਂ ਗਹਿਣਿਆਂ ਦਾ ਇੱਕ ਡੱਬਾ ਚੁੱਪਚਾਪ ਕੱਢ ਲੈਂਦੀ ਹੈ ਅਤੇ ਤੀਜੀ ਔਰਤ ਨੂੰ ਦੇ ਦਿੰਦੀ ਹੈ। ਤੀਜੀ ਔਰਤ ਉਸ ਡੱਬੇ ਨੂੰ ਆਪਣੀ ਸ਼ਾਲ ਵਿੱਚ ਲੁਕਾ ਲੈਂਦੀ ਹੈ। ਕਿਸੇ ਨੂੰ ਸ਼ੱਕ ਨਾ ਹੋਵੇ, ਇਸ ਲਈ ਤਿੰਨੋ ਔਰਤਾਂ ਆਮ ਗਾਹਕਾਂ ਵਾਂਗ ਸਟੋਰ ਤੋਂ ਬਾਹਰ ਨਿਕਲ ਜਾਂਦੀਆਂ ਹਨ।
ਚੋਰੀ ਦੀ ਜਾਣਕਾਰੀ ਮਿਲਣ ‘ਤੇ ਸਟੋਰ ਮੈਨੇਜਰ ਨੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਚਾਰ ਅਣਪਛਾਤੀਆਂ ਔਰਤਾਂ ਦੇ ਖਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਔਰਤਾਂ ਦੀ ਪਛਾਣ ਕਰਕੇ ਚੋਰੀ ਕੀਤਾ ਸਮਾਨ ਬਰਾਮਦ ਕਰ ਲਿਆ ਜਾਵੇਗਾ।