ਦਿੱਲੀ:-ਐਥਨੋਲ ਫੈਕਟਰੀ ਨੂੰ ਲੈ ਕੇ ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਕਿਸਾਨਾਂ ਦਾ ਵਿਰੋਧ ਪ੍ਰਦਰਸਨ ਲਗਾਤਾਰ ਵੱਧਦਾ ਜਾ ਰਿਹਾ ਹੈ। ਉੱਥੇ ਹੀ ਕਿਸਾਨਾਂ ਵੱਲੋਂ ਇੱਕ ਸਭਾ ਰੱਖੀ ਗਈ ਸੀ, ਜਿਸ ਉੱਤੇ ਜਾਣ ਤੋਂ ਪਹਿਲਾ ਹੀ ਕਾਂਗਰਸੀ ਵਰਕਰਾਂ ਨੂੰ ਪੁਲਿਸ ਨੇ ਰੋਕ ਲਿਆ। ਇਸੇ ਦੌਰਾਨ ਹੀ ਰਾਜਸਥਾਨ ਪੁਲਿਸ ਨੇ ਕਾਂਗਰਸੀ ਵਿਧਾਇਕ ਰੁਪਿੰਦਰ ਸਿੰਘ ਕੁੰਨਰ ਨੂੰ ਹਿਰਾਸਤ ਵਿੱਚ ਲੈ ਲਿਆ। ਉੱਥੇ ਹੀ ਕਿਸਾਨਾਂ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹਨਾਂ ਦਾ ਰੋਸ ਪ੍ਰਦਰਸ਼ਨ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਉੱਥੇ ਹੀ ਕਿਸਾਨਾਂ ਨੇ ਬੀਤੀ ਦਿਨੀ ਬੁੱਧਵਾਰ ਨੂੰ ਪਿੰਡ ਰਾਠੀਖੇੜਾ ਵਿੱਚ ਡਿਊਨ ਐਥਨੋਲ ਪ੍ਰਾਈਵੇਟ ਲਿਮਿਟਡ ਫੈਕਟਰੀ ਦੀ ਕੰਧ ਤੋੜ ਦਿੱਤੀ। ਫੈਕਟਰੀ ਵਿੱਚ ਦਾਖਲ ਹੋਣ ਵਾਲੇ ਪ੍ਰਦਰਸ਼ਨਕਾਰੀਆਂ ਨੇ ਦਫ਼ਤਰ ਅਤੇ ਗੱਡੀਆਂ ਨੂੰ ਵੀ ਅੱਗ ਲਗਾ ਦਿਤੀ।
ਪੁਲਿਸ ਤੇ ਕਿਸਾਨਾਂ 'ਚ ਭਾਰੀ ਪੱਥਰਬਾਜ਼ੀ:- ਇਸੇ ਦੌਰਾਨ ਹੀ ਪੁਲਿਸ ਅਤੇ ਕਿਸਾਨਾਂ ਵਿਚਾਲੇ ਭਾਰੀ ਪੱਥਰਬਾਜ਼ੀ ਵੀ ਹੋਈ। ਇਸ ਪੱਥਰਬਾਜ਼ੀ ਵਿੱਚ ਕਾਂਗਰਸੀ ਵਿਧਾਇਕ ਸਮੇਤ 70 ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ। ਉੱਥੇ ਹੀ ਕੁਝ ਜ਼ਖ਼ਮੀ ਪ੍ਰਦਰਸ਼ਨਕਾਰੀ ਟਿੱਬੀ ਦੇ ਗੁਰਦੁਆਰਾ ਸਾਹਿਬ ਵਿੱਚ ਰਾਤ ਰੁਕੇ। ਇਸ ਘਟਨਾ ਤੋਂ ਬਾਅਦ ਟਿੱਬੀ ਖੇਤਰ ਵਿੱਚ ਇੰਟਰਨੈੱਟ ਅਜੇ ਵੀ ਬੰਦ ਕੀਤਾ ਗਿਆ ਹੈ। ਉੱਥੇ ਹੀ ਫੈਕਟਰੀ ਦੇ ਨੇੜੇ ਰਹਿਣ ਵਾਲੇ 30 ਦੇ ਕਰੀਬ ਪਰਿਵਾਰ ਆਪਣੇ ਘਰ ਛੱਡ ਕੇ ਚਲੇ ਗਏ ਹਨ।
ਪੂਰਾ ਮਾਮਲਾ ਕੀ ਸੀ ? ਇਸ ਝੜਪ ਦੀ ਸ਼ੁਰੂਆਤ ਉਸ ਸਮੇਂ ਹੋਈ, ਜਦੋਂ ‘ਐਥਨਾਲ ਫੈਕਟਰੀ ਹਟਾਓ ਸੰਘਰਸ਼ ਕਮੇਟੀ’ ਅਤੇ ਪ੍ਰਸ਼ਾਸਨ ਵਿਚਾਲੇ ਗੱਲਬਾਤ ਵਿੱਚ ਕੋਈ ਵੀ ਸਿੱਟਾ ਨਹੀਂ ਨਿਕਲਿਆ। ਕਿਸਾਨ ਫੈਕਟਰੀ ਦਾ ਨਿਰਮਾਣ ਰੋਕਣ ਲਈ ਲਿਖਤੀ ਭਰੋਸਾ ਮੰਗ ਰਹੇ ਸਨ, ਪਰ ਪ੍ਰਸ਼ਾਸ਼ਨ ਲਿਖਤੀ ਭਰੋਸਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਫੈਕਟਰੀ ਵੱਲ ਕੂਚ ਕਰਨ ਦਾ ਫੈਸਲਾ ਲਿਆ।
ਇੰਟਰਨੈੱਟ ਬੰਦ ਅਤੇ ਸਕੂਲਾਂ ਵਿੱਚ ਛੁੱਟੀ:- ਕਿਸਾਨਾਂ ਨੇ ਟਰੈਕਟਰਾਂ ਨਾਲ ਨਿਰਮਾਣ ਅਧੀਨ ਫੈਕਟਰੀ ਨੂੰ ਟਰੈਕਟਰਾਂ ਨਾਲ ਢਹਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ, ਤੋੜਫੋੜ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਹੋਈਆਂ। ਇਸ ਦੌਰਾਨ ਹੀ 10 ਦੇ ਕਰੀਬ ਵਾਹਨਾਂ ਨੂੰ ਅੱਗ ਲਗਾਈ ਗਈ। ਇਸ ਹੰਗਾਮੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਤਰੁੰਤ ਕਾਰਵਾਈ ਕਰਦਿਆਂ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਅਤੇ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ।