ਕਰਨਾਟਕ ਦੇ ਚਿੱਤਰਦੁਰਗਾ ਜ਼ਿਲ੍ਹੇ 'ਚ ਵੀਰਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਟਰੱਕ ਅਤੇ ਲਗਜ਼ਰੀ ਸਲੀਪਰ ਬੱਸ ਵਿਚਾਲੇ ਭਿਆਨਕ ਟੱਕਰ ਹੋਈ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀ ਰਵੀਕਾਂਤ ਗੌੜਾ ਨੇ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰੱਕ ਡਿਵਾਈਡਰ ਟੱਪ ਕੇ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਿਆ। ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਅਤੇ ਬੱਸ ਵਿੱਚ ਜ਼ਿਆਦਾਤਰ ਲੋਕ ਜ਼ਿੰਦਾ ਸੜ ਗਏ। ਬੱਸ ਬੰਗਲੁਰੂ ਤੋਂ ਗੋਕਰਨ ਜਾ ਰਹੀ ਸੀ। ਰਿਪੋਰਟਾਂ ਮੁਤਾਬਕ ਬੱਸ ਵਿੱਚ 30 ਤੋਂ ਵੱਧ ਯਾਤਰੀ ਸਵਾਰ ਸਨ।
ਬੱਸ ਦੇ ਡਰਾਈਵਰ ਅਤੇ ਕਲੀਨਰ ਨੇ ਮਸਾਂ ਆਪਣੀ ਜਾਨ ਬਚਾਈ, ਪਰ ਟਰੱਕ ਦੇ ਡਰਾਈਵਰ ਅਤੇ ਕਲੀਨਰ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਜ਼ਖਮੀ ਯਾਤਰੀਆਂ ਨੂੰ ਤੁਮਕੁਰੂ ਜ਼ਿਲ੍ਹੇ ਦੇ ਸ਼ਿਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਦਕਿ ਕਈ ਸਵਾਰੀਆਂ ਨੇ ਬੱਸ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਦੌਰਾਨ 45 ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਹੋਰ ਬੱਸ ਜੋ ਇਸ ਬੱਸ ਦੇ ਬਿਲਕੁਲ ਪਿੱਛੇ ਸੀ, ਵਾਲ-ਵਾਲ ਬਚ ਗਈ ਕਿਉਂਕਿ ਉਸਦੇ ਡਰਾਈਵਰ ਨੇ ਸਮੇਂ ਸਿਰ ਗੱਡੀ ਨੂੰ ਦੂਜੇ ਪਾਸੇ ਮੋੜ ਦਿੱਤਾ ਸੀ। ਪੁਲਿਸ ਮੁਤਾਬਕ ਦੋ ਯਾਤਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।