2 ਅਪ੍ਰੈਲ ਯਾਨੀਕਿ ਲੰਘੇ ਦਿਨ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਦੇ ਕਾਂਗਰਸ ਦੇ ਆਗੂ ਖੁਸ਼ਬਾਜ ਸਿੰਘ ਜਟਾਣਾ ਅਤੇ ਉਨ੍ਹਾਂ ਦੇ ਡਰਾਈਵਰ ਦੀ ਇੱਕ ਦਰਦਨਾਕ ਸੜਕ ਹਾਦਸੇ 'ਚ ਮੌਤ ਹੋ ਗਈ। ਹਾਦਸੇ ਵਿੱਚ ਉਨ੍ਹਾਂ ਦਾ ਗੰਨਮੈਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਖਬਰ ਸੁਣਦੇ ਹੀ ਤਲਵੰਡੀ ਸਾਬੋ ਵਿੱਚ ਸੋਗ ਦੀ ਲਹਿਰ ਦੌੜ ਗਈ।
ਇੰਝ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ, ਹਾਦਸਾ ਸੋਨੀਪਤ ਤੋਂ ਲੰਘਦੇ ਈਸਟਰਨ ਪੇਰੀਫੇਲ ਐਕਸਪ੍ਰੈਸ ਹਾਈਵੇਅ 'ਤੇ ਜਖੌਲੀ ਟੋਲ ਪਲਾਜ਼ਾ ਨੇੜੇ ਵਾਪਰਿਆ, ਜਿਥੇ ਤੇਜ਼ ਰਫ਼ਤਾਰ ਟਰੱਕ ਨੇ ਆਗੂ ਦੀ ਡਿਫੈਂਡਰ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਆਗੂ ਖੁਸ਼ਬਾਜ ਜਟਾਣਾ ਅਤੇ ਕਾਰ ਡਰਾਈਵਰ ਪਰਮਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੰਨਮੈਨ ਕਰਨਦੀਪ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਦਾ ਪਤਾ ਲੱਗਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਸੋਨੀਪਤ ਪੁਲਿਸ ਨੇ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਸੀ।
ਅੱਜ ਹੋਏਗਾ ਸੰਸਕਾਰ
ਜਟਾਣਾ ਪਰਿਵਾਰ ਵੱਲੋਂ ਸੋਸ਼ਲ ਮੀਡੀਆ ਦੇ ਰਾਹੀਂ ਦੱਸਿਾ ਗਿਆ ਹੈ ਕਿ ਖੁਸ਼ਬਾਜ ਸਿੰਘ ਜਟਾਣਾ ਦਾ ਅੰਤਿਮ ਸੰਸਕਾਰ ਅੱਜ ਮਿਤੀ 3 ਅਪ੍ਰੈਲ 2026 (ਸ਼ੁੱਕਰਵਾਰ) ਨੂੰ ਦੁਪਹਿਰ 3:00 ਵਜੇ, ਸਸਕਾਰ ਗਰਾਊਂਡ, ਦਾਣਾ ਮੰਡੀ, ਬਠਿੰਡਾ ਵਿਖੇ ਕੀਤਾ ਜਾਵੇਗਾ।
ਖੁਸ਼ਬਾਜ ਜਟਾਣਾ ਪੰਜਾਬ ਕਾਂਗਰਸ ਦੇ ਸੀ ਐਕਟਿਵ ਮੈਂਬਰ
ਦੱਸ ਦਈਏ ਕਿ ਖੁਸ਼ਬਾਜ ਸਿੰਘ ਜਟਾਣਾ ਕਾਂਗਰਸ ਦੇ ਸਰਗਰਮ ਮੈਂਬਰ ਸਨ। ਉਹ ਪੰਜਾਬ ਕਾਂਗਰਸ ਦੇ ਬਠਿੰਡਾ ਦਿਹਾਤੀ ਦੇ ਸਾਬਕਾ ਪ੍ਰਧਾਨ ਅਤੇ ਤਲਵੰਡੀ ਸਾਬੋ ਹਲਕੇ ਤੋਂ ਯੂਥ ਕਾਂਗਰਸ ਦੇ ਸਾਬਕਾ ਵਾਈਸ ਪ੍ਰਧਾਨ ਵੀ ਸਨ। ਕਾਂਗਰਸ ਸਰਕਾਰ ਦੌਰਾਨ ਉਹ ਚੇਅਰਮੈਨ ਦੇ ਅਹੁਦੇ 'ਤੇ ਵੀ ਰਹੇ ਸਨ। ਜ਼ਿਕਰਯੋਗ ਹੈ ਕਿ ਉਹ ਤਲਵੰਡੀ ਸਾਬੋ ਤੋਂ ਦੋ ਵਾਰ ਵਿਧਾਨ ਸਭਾ ਦੀਆਂ ਚੋਣਾਂ ਲੜ ਚੁੱਕੇ ਹਨ। ਪਰ ਦੋਵੇਂ ਵਾਰ ਹੀ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ, ਉਨ੍ਹਾਂ ਨੂੰ ਥੋੜੀਆਂ ਵੋਟਾਂ ਨਾਲ ਹਰ ਦਾ ਸਾਹਮਣੇ ਕਰਨਾ ਪਿਆ ਸੀ।