ਪੰਜਾਬ 'ਚ ਵੱਡਾ ਹਾਦਸਾ: ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇਅ 'ਤੇ ਭਾਖੜਾ ਨਹਿਰ ਦਾ ਪੁਲ ਟੁੱਟਿਆ, 2 ਟਰੱਕ ਨਹਿਰ 'ਚ ਲਟਕੇ, ਇੱਕ ਨੂੰ ਲੱਗੀ ਅੱਗ
ਪੰਜਾਬ ਦੇ ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇਅ 'ਤੇ ਸਥਿਤ ਪਿੰਡ ਪਸਿਆਣਾ ਨੇੜੇ ਵੀਰਵਾਰ ਤੜਕਸਾਰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਭਾਖੜਾ ਨਹਿਰ 'ਤੇ ਬਣਿਆ ਲੋਹੇ ਦਾ ਪੁਲ ਅਚਾਨਕ ਟੁੱਟ ਗਿਆ। ਜਿਸ ਵੇਲੇ ਇਹ ਹਾਦਸਾ ਵਾਪਰਿਆ, ਉਸ ਸਮੇਂ ਪੁਲ ਦੇ ਉੱਪਰੋਂ ਦੋ ਭਾਰੀ ਟਰੱਕ ਗੁਜ਼ਰ ਰਹੇ ਸਨ। ਪੁਲ ਟੁੱਟਣ ਕਾਰਨ ਦੋਵੇਂ ਟਰੱਕ ਹੇਠਾਂ ਧੱਸ ਕੇ ਭਾਖੜਾ ਨਹਿਰ ਵਿੱਚ ਹੀ ਲਟਕ ਗਏ।
ਪੁਲ ਦੇ ਉੱਪਰੋਂ ਵਹਿਣ ਲੱਗਾ ਪਾਣੀ, ਵਾਲ-ਵਾਲ ਬਚੀ ਜਾਨ
ਪੁਲ ਟੁੱਟਣ ਤੋਂ ਬਾਅਦ ਭਾਖੜਾ ਨਹਿਰ ਦਾ ਪਾਣੀ ਵੀ ਪੁਲ ਦੇ ਉੱਪਰੋਂ ਵਹਿਣ ਲੱਗ ਪਿਆ ਹੈ। ਹਾਦਸੇ ਵੇਲੇ ਦੋਵੇਂ ਟਰੱਕ ਪੁਲ ਪਾਰ ਕਰਕੇ ਇਸ ਦੇ ਆਖਰੀ ਕਿਨਾਰੇ 'ਤੇ ਪਹੁੰਚੇ ਹੀ ਸਨ ਕਿ ਅਚਾਨਕ ਪੁਲ ਢਹਿ ਗਿਆ। ਗਨੀਮਤ ਰਹੀ ਕਿ ਇਸ ਭਿਆਨਕ ਹਾਦਸੇ ਵਿੱਚ ਟਰੱਕਾਂ ਵਿੱਚ ਸਵਾਰ ਲੋਕਾਂ ਦੀ ਜਾਨ ਵਾਲ-ਵਾਲ ਬਚ ਗਈ।
ਇੱਕ ਟਰੱਕ ਨੂੰ ਲੱਗੀ ਭਿਆਨਕ ਅੱਗ
ਹਾਦਸੇ ਤੋਂ ਤੁਰੰਤ ਬਾਅਦ ਨੁਕਸਾਨੇ ਗਏ ਇੱਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਪ੍ਰਸ਼ਾਸਨ ਦੀਆਂ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਟਰੱਕ ਵਿੱਚ ਲੱਗੀ ਅੱਗ 'ਤੇ ਕਾਬੂ ਪਾਇਆ।
ਟ੍ਰੈਫਿਕ ਕੀਤਾ ਡਾਇਵਰਟ, ਉਸਾਰੀ ਦੀ ਗੁਣਵੱਤਾ 'ਤੇ ਉੱਠੇ ਸਵਾਲ
ਘਟਨਾ ਤੋਂ ਬਾਅਦ ਪੁਲ ਦੇ ਦੋਵੇਂ ਪਾਸੇ ਬੈਰੀਕੇਡਿੰਗ ਕਰਕੇ ਆਵਾਜਾਈ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ ਅਤੇ ਟ੍ਰੈਫਿਕ ਨੂੰ ਦੂਜੇ ਪਾਸੇ ਬਣੇ ਪੁਲ ਤੋਂ ਡਾਇਵਰਟ ਕੀਤਾ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਜ਼ਿਕਰਯੋਗ ਹੈ ਕਿ ਜਿਸ ਨੈਸ਼ਨਲ ਹਾਈਵੇਅ 'ਤੇ ਇਹ ਪੁਲ ਬਣਿਆ ਹੈ, ਉਹ 2016 ਵਿੱਚ ਤਿਆਰ ਹੋਇਆ ਸੀ। ਕਰੀਬ 100 ਸਾਲ ਦੀ ਮਿਆਦ ਲਈ ਬਣਾਏ ਗਏ ਇਸ 100 ਤੋਂ 150 ਫੁੱਟ ਲੰਬੇ ਪੁਲ ਦੇ ਮਹਿਜ਼ 10 ਸਾਲਾਂ ਵਿੱਚ ਹੀ ਟੁੱਟ ਜਾਣ ਕਾਰਨ ਉਸਾਰੀ ਦੀ ਗੁਣਵੱਤਾ 'ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਸਥਾਨਕ ਲੋਕਾਂ ਮੁਤਾਬਕ ਪਿਛਲੇ ਸਾਲ ਵੀ ਇਸ ਪੁਲ ਵਿੱਚ ਤਰੇੜਾਂ ਆਈਆਂ ਸਨ, ਜਿਸ ਦੀ ਮੁਰੰਮਤ ਐੱਨ.ਐੱਚ.ਏ.ਆਈ. (NHAI) ਵੱਲੋਂ ਕੀਤੀ ਗਈ ਸੀ। ਲੋਕਾਂ ਦਾ ਕਹਿਣਾ ਹੈ ਕਿ ਪੁਲ ਪਹਿਲਾਂ ਹੀ ਖਸਤਾ ਹਾਲਤ ਵਿੱਚ ਸੀ ਅਤੇ ਇਸ ਸਬੰਧੀ ਕਈ ਵਾਰ ਸਿੰਚਾਈ ਵਿਭਾਗ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਸਨ।