ਦੁਨੀਆ ਦੇ ਸਭ ਤੋਂ ਵੱਡੇ IPO ਨਾਲ ਅਮੀਰ ਬਣੇ AI ਕੰਪਨੀ ਦੇ ਸੈਂਕੜੇ ਕਰਮਚਾਰੀ: ਜਾਣੋ ਕਿਵੇਂ 400 ਮੁਲਾਜ਼ਮ ਬਣੇ ਅਰਬਪਤੀ...
ਸਿਰਫ਼ 6 ਸਾਲ ਪਹਿਲਾਂ ਸ਼ੁਰੂ ਹੋਈ AI ਕੰਪਨੀ ਐਂਥਰੋਪਿਕ (Anthropic) ਨੇ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਆਪਣੀ ਸ਼ਾਨਦਾਰ ਐਂਟਰੀ ਨਾਲ ਨਵਾਂ ਰਿਕਾਰਡ ਬਣਾਇਆ ਹੈ। ਵੀਰਵਾਰ ਨੂੰ ਕੰਪਨੀ ਦੇ ਸ਼ੇਅਰ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਲਿਸਟ ਹੋਏ। ਕੰਪਨੀ ਨੇ IPO ਰਾਹੀਂ 81.3 ਅਰਬ ਡਾਲਰ ਯਾਨੀ ਕਰੀਬ 7 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ। ਇਸ ਦੇ ਨਾਲ ਹੀ ਇਹ ਦੁਨੀਆ ਦਾ ਸਭ ਤੋਂ ਵੱਡਾ IPO ਬਣ ਗਿਆ ਹੈ। ਐਂਥਰੋਪਿਕ ਨੇ ਇਸ ਮਾਮਲੇ ਵਿੱਚ ਸਪੇਸਐਕਸ ਦਾ ਰਿਕਾਰਡ ਵੀ ਤੋੜ ਦਿੱਤਾ ਹੈ।
ਕੰਪਨੀ ਦਾ ਸ਼ੇਅਰ 83 ਡਾਲਰ ਦੇ ਇਸ਼ੂ ਪ੍ਰਾਈਸ ਦੇ ਮੁਕਾਬਲੇ 34 ਫੀਸਦੀ ਵੱਧ ਕੇ 111.50 ਡਾਲਰ 'ਤੇ ਲਿਸਟ ਹੋਇਆ। ਹਾਲਾਂਕਿ ਕਾਰੋਬਾਰ ਦੇ ਅੰਤ ਵਿੱਚ ਇਹ 17 ਫੀਸਦੀ ਦੀ ਤੇਜ਼ੀ ਨਾਲ 97.17 ਡਾਲਰ 'ਤੇ ਬੰਦ ਹੋਇਆ।
ਇਸ IPO ਤੋਂ ਬਾਅਦ ਕੰਪਨੀ ਦੇ 400 ਤੋਂ ਵੱਧ ਕਰਮਚਾਰੀਆਂ ਦੀ ਜਾਇਦਾਦ 100 ਮਿਲੀਅਨ ਡਾਲਰ ਯਾਨੀ ਕਰੀਬ 900 ਕਰੋੜ ਰੁਪਏ ਤੋਂ ਵੱਧ ਹੋ ਗਈ ਹੈ। ਉੱਥੇ ਹੀ Hill.com ਦੇ ਅਨੁਮਾਨ ਮੁਤਾਬਕ, ਕੰਪਨੀ ਦੇ 2,800 ਕਰਮਚਾਰੀ ਘੱਟੋ-ਘੱਟ 10 ਮਿਲੀਅਨ ਡਾਲਰ ਯਾਨੀ ਕਰੀਬ 93 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਬਣ ਗਏ ਹਨ।
ਹਾਲਾਂਕਿ ਸ਼ੇਅਰ ਵੇਚਣ 'ਤੇ ਲੱਗੀ ਪਾਬੰਦੀ (ਲਾਕ-ਇਨ ਪੀਰੀਅਡ) ਕਾਰਨ ਕਰਮਚਾਰੀ ਫਿਲਹਾਲ ਆਪਣੇ ਸ਼ੇਅਰ ਨਹੀਂ ਵੇਚ ਸਕਦੇ। ਕੰਪਨੀ ਵਿੱਚ ਕਰੀਬ 5,000 ਕਰਮਚਾਰੀ ਕੰਮ ਕਰਦੇ ਹਨ।
ਅਮਰੀਕਾ ਦੀ 7ਵੀਂ ਸਭ ਤੋਂ ਵੱਡੀ ਕੰਪਨੀ ਬਣੀ ਐਂਥਰੋਪਿਕ
ਵੀਰਵਾਰ ਨੂੰ ਬਾਜ਼ਾਰ ਬੰਦ ਹੋਣ ਤੱਕ ਐਂਥਰੋਪਿਕ ਦੀ ਕੁੱਲ ਮਾਰਕੀਟ ਵੈਲਿਊ ਕਰੀਬ 1.8 ਟ੍ਰਿਲੀਅਨ ਡਾਲਰ ਯਾਨੀ ਲਗਭਗ 160 ਲੱਖ ਕਰੋੜ ਰੁਪਏ ਹੋ ਗਈ। ਕਾਰੋਬਾਰ ਦੌਰਾਨ ਇੱਕ ਸਮੇਂ ਇਸ ਦੀ ਮਾਰਕੀਟ ਵੈਲਿਊ 2 ਟ੍ਰਿਲੀਅਨ ਡਾਲਰ ਤੋਂ ਵੀ ਪਾਰ ਪਹੁੰਚ ਗਈ ਸੀ।
ਇਸ ਮੁੱਲਾਂਕਣ ਨਾਲ ਸਿਰਫ਼ 5 ਸਾਲ ਪੁਰਾਣੀ ਇਹ ਕੰਪਨੀ ਅਮਰੀਕਾ ਦੀ 7ਵੀਂ ਸਭ ਤੋਂ ਵੱਡੀ ਕੰਪਨੀ ਬਣ ਗਈ ਹੈ। ਇਸ ਤੋਂ ਅੱਗੇ ਸਿਰਫ਼ ਐਪਲ, ਮਾਈਕ੍ਰੋਸਾਫਟ, ਐਨਵੀਡੀਆ, ਅਲਫਾਬੈਟ (ਗੂਗਲ), ਐਮਾਜ਼ੋਨ ਅਤੇ ਸਪੇਸਐਕਸ ਹਨ।
IPO ਰਾਹੀਂ 7 ਲੱਖ ਕਰੋੜ ਰੁਪਏ ਇਕੱਠੇ ਕੀਤੇ, ਸਪੇਸਐਕਸ ਦਾ ਰਿਕਾਰਡ ਤੋੜਿਆ
ਐਂਥਰੋਪਿਕ ਨੇ IPO ਰਾਹੀਂ 81.3 ਅਰਬ ਡਾਲਰ ਯਾਨੀ ਕਰੀਬ 7 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ। ਇਹ ਰਕਮ ਇਸੇ ਸਾਲ ਜੂਨ ਵਿੱਚ ਐਲਨ ਮਸਕ ਦੀ ਕੰਪਨੀ ਸਪੇਸਐਕਸ ਵੱਲੋਂ ਇਕੱਠੇ ਕੀਤੇ ਗਏ 75 ਅਰਬ ਡਾਲਰ ਤੋਂ ਵੀ ਵੱਧ ਹੈ।
ਇਸ ਤੋਂ ਇਲਾਵਾ ਗੂਗਲ, ਮਾਈਕ੍ਰੋਸਾਫਟ ਅਤੇ ਐਨਵੀਡੀਆ ਵਰਗੀਆਂ ਵੱਡੀਆਂ ਟੈਕ ਕੰਪਨੀਆਂ ਦੇ ਵੱਖ-ਵੱਖ ਨਿਵੇਸ਼ਾਂ ਰਾਹੀਂ ਐਂਥਰੋਪਿਕ ਨੂੰ 26 ਅਰਬ ਡਾਲਰ ਯਾਨੀ ਕਰੀਬ 2.43 ਲੱਖ ਕਰੋੜ ਰੁਪਏ ਵੀ ਮਿਲੇ ਹਨ।
ਟੈਕ ਸੈਕਟਰ ਵਿੱਚ ਗਿਰਾਵਟ ਵਿਚਾਲੇ ਹੋਈ ਵੱਡੀ ਲਿਸਟਿੰਗ
ਐਂਥਰੋਪਿਕ ਦੀ ਇਹ ਲਿਸਟਿੰਗ ਅਜਿਹੇ ਸਮੇਂ ਹੋਈ ਹੈ, ਜਦੋਂ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ AI ਸੈਕਟਰ 'ਤੇ ਹੋ ਰਹੇ ਭਾਰੀ ਖਰਚੇ ਨੂੰ ਲੈ ਕੇ ਨਿਵੇਸ਼ਕਾਂ ਦੀ ਚਿੰਤਾ ਵਧ ਰਹੀ ਹੈ।
ਟੈਕ ਕੰਪਨੀਆਂ ਦੀਆਂ ਵਧੀਆਂ ਕੀਮਤਾਂ ਅਤੇ ਉਨ੍ਹਾਂ ਦੇ ਖਰਚਿਆਂ ਦੀ ਸਥਿਰਤਾ 'ਤੇ ਸਵਾਲ ਉੱਠਣ ਕਾਰਨ ਨੈਸਡੈਕ-100 ਇੰਡੈਕਸ ਆਪਣੇ ਉੱਚ ਪੱਧਰ ਤੋਂ 10 ਫੀਸਦੀ ਹੇਠਾਂ ਆ ਚੁੱਕਾ ਹੈ।
ਇਸ ਤੋਂ ਇਲਾਵਾ ਚਿੱਪ ਬਣਾਉਣ ਵਾਲੀ ਕੰਪਨੀ ਐਨਵੀਡੀਆ ਦੇ CEO ਜੇਨਸਨ ਹੁਆਂਗ ਦੇ ਕੰਪਨੀ ਛੱਡਣ ਦੀਆਂ ਖ਼ਬਰਾਂ ਨੇ ਵੀ ਟੈਕ ਸੈਕਟਰ ਦੇ ਨਿਵੇਸ਼ਕਾਂ ਦੀ ਚਿੰਤਾ ਵਧਾਈ ਹੈ। ਅਜਿਹੇ ਮਾਹੌਲ ਵਿੱਚ ਐਂਥਰੋਪਿਕ ਦੇ IPO ਨੂੰ ਮਿਲਿਆ ਭਰਵਾਂ ਹੁੰਗਾਰਾ ਸ਼ੇਅਰ ਬਾਜ਼ਾਰ ਲਈ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
ਭਾਰਤੀ ਨਿਵੇਸ਼ਕਾਂ ਲਈ ਕੀ ਹੈ ਖ਼ਾਸ?
ਐਂਥਰੋਪਿਕ ਨੇ ਆਪਣੇ ਇੰਟਰਨੈਸ਼ਨਲ ਰਿਟੇਲ ਆਫਰ ਵਿੱਚ ਭਾਰਤ ਨੂੰ ਸ਼ਾਮਲ ਨਹੀਂ ਕੀਤਾ ਸੀ। ਇਸ ਕਾਰਨ ਭਾਰਤੀ ਨਿਵੇਸ਼ਕ ਸਿੱਧੇ IPO ਲਈ ਅਰਜ਼ੀ ਨਹੀਂ ਦੇ ਸਕੇ।
ਪਰ ਹੁਣ ਨੈਸਡੈਕ 'ਤੇ ਟ੍ਰੇਡਿੰਗ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਨਿਵੇਸ਼ਕ ਉਨ੍ਹਾਂ ਘਰੇਲੂ ਜਾਂ ਅੰਤਰਰਾਸ਼ਟਰੀ ਬ੍ਰੋਕਰੇਜ ਐਪਸ ਰਾਹੀਂ ਕੰਪਨੀ ਦੇ 'ANT' ਸ਼ੇਅਰ ਖਰੀਦ ਸਕਦੇ ਹਨ, ਜੋ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਦੀ ਸਹੂਲਤ ਦਿੰਦੀਆਂ ਹਨ।
2021 ਵਿੱਚ OpenAI ਤੋਂ ਵੱਖ ਹੋ ਕੇ ਸ਼ੁਰੂ ਕੀਤੀ ਸੀ ਕੰਪਨੀ
ਐਂਥਰੋਪਿਕ ਦੀ ਇਹ ਕਾਮਯਾਬੀ ਇਸ ਲਈ ਵੀ ਖ਼ਾਸ ਹੈ ਕਿਉਂਕਿ ਇਸ ਦੀ ਸ਼ੁਰੂਆਤ ਸਾਲ 2021 ਵਿੱਚ ਹੋਈ ਸੀ। ਇਸ ਕੰਪਨੀ ਨੂੰ ChatGPT ਬਣਾਉਣ ਵਾਲੀ ਕੰਪਨੀ OpenAI ਤੋਂ ਵੱਖ ਹੋਏ ਕੁਝ ਖੋਜਕਰਤਾਵਾਂ ਨੇ ਸ਼ੁਰੂ ਕੀਤਾ ਸੀ।
ਉਨ੍ਹਾਂ ਦਾ ਮਕਸਦ ਅਜਿਹਾ AI ਤਿਆਰ ਕਰਨਾ ਸੀ, ਜੋ ਵਧੇਰੇ ਸੁਰੱਖਿਅਤ ਅਤੇ ਭਰੋਸੇਯੋਗ ਹੋਵੇ। ਸਿਰਫ਼ ਕੁਝ ਸਾਲਾਂ ਵਿੱਚ ਕੰਪਨੀ ਨੇ ਦੁਨੀਆ ਦੀਆਂ ਵੱਡੀਆਂ ਟੈਕ ਕੰਪਨੀਆਂ ਵਿੱਚ ਆਪਣੀ ਜਗ੍ਹਾ ਬਣਾ ਲਈ।
ਡਾਰਿਓ ਅਮੋਦੇਈ ਸਮੇਤ 7 ਲੋਕਾਂ ਨੇ ਰੱਖੀ ਸੀ ਨੀਂਹ
ਐਂਥਰੋਪਿਕ ਦੀ ਸ਼ੁਰੂਆਤ 2021 ਵਿੱਚ ਡਾਰਿਓ ਅਮੋਦੇਈ, ਉਨ੍ਹਾਂ ਦੀ ਭੈਣ ਡੈਨੀਏਲਾ ਅਮੋਦੇਈ ਅਤੇ 5 ਹੋਰ ਲੋਕਾਂ ਨੇ ਮਿਲ ਕੇ ਕੀਤੀ ਸੀ। ਇਹ ਸਾਰੇ OpenAI ਤੋਂ ਵੱਖ ਹੋਏ ਸਨ।
ਕੰਪਨੀ ਦਾ ਮੁੱਖ ਪ੍ਰੋਡਕਟ 'Claude' ਚੈਟਬੋਟ ਹੈ, ਜਿਸ ਨੂੰ ChatGPT ਦਾ ਸਭ ਤੋਂ ਵੱਡਾ ਮੁਕਾਬਲੇਬਾਜ਼ ਮੰਨਿਆ ਜਾਂਦਾ ਹੈ। ਅੱਜ ਐਂਥਰੋਪਿਕ ਦੀ ਸਫਲਤਾ ਨੇ AI ਦੀ ਦੁਨੀਆ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।