ਪਾਕਿਸਤਾਨ ਲਈ ਜਾਸੂਸੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਹਿਸਾਰ ਦੀ ਯੂਟਿਊਬਰ ਜੋਤੀ ਮਲਹੋਤਰਾ ਨੇ ਪੰਜਾਬ-ਹਰਿਆਣਾ ਹਾਈਕੋਰਟ ਦਾ ਰੁਖ਼ ਕੀਤਾ ਹੈ । ਜੋਤੀ ਮਲਹੋਤਰਾ ਨੇ ਜ਼ਮਾਨਤ ਲਈ ਹਾਈਕੋਰਟ ਵਿੱਚ ਪਟੀਸ਼ਲ ਦਾਖਲ ਕੀਤੀ ਹੈ। ਜੋਤੀ ਦੇ ਵਕੀਲ ਦਾ ਕਹਿਣਾ ਹੈ ਕਿ ਜਲਦ ਇਸ ਮਾਮਲੇ ਵਿੱਚ ਸੁਣਵਾਈ ਹੋ ਸਕਦੀ ਹੈ ।
ਇਸਤੋਂ ਪਹਿਲਾਂ 23 ਅਕਤੂਬਰ ਨੂੰ ਹਿਸਾਰ ਸੈਸ਼ਨ ਕੋਰਟ ਨੇ ਜੋਤੀ ਦੀ ਜ਼ਮਾਨਤ ਖਾਰਿਜ ਕਰ ਦਿੱਤੀ ਸੀ । ਨਾਲ ਹੀ ਟਿੱਪਣੀ ਕੀਤੀ ਸੀ ਕਿ ਮੁਲਜ਼ਮ ਦੀ ਜ਼ਮਾਨਤ ਤੋਂ ਬਾਅਦ ਜਾਂਚ ਪ੍ਰਭਾਵਿਤ ਹੋ ਸਕਦੀ ਹੈ ।
ਜੋਤੀ ਦੇ ਵਕੀਲ ਨੇ ਦੱਸਿਆ ਕਿ ਪੁਲਿਸ ਨੇ ਕੋਰਟ ਵਿੱਚ ਅਧੂਰੀ ਚਾਰਜਸ਼ੀਟ ਸੌਂਪੀ ਸੀ । ਪੁਲਿਸ ਨੇ ਇੱਕ ਅਪੀਲ ਦਾਇਰ ਕਰ ਚਾਰਜਸ਼ੀਟ ਨੂੰ ਪੂਰੀ ਤਰ੍ਹਾਂ ਨਾਲ ਜਮ੍ਹਾਂ ਨਾ ਕਰਨ ਦਾ ਕਾਰਨ ਦੱਸਿਆ । ਜਿਸਨੂੰ ਕੋਰਟ ਨੇ ਸਵੀਕਾਰ ਕਰ ਲਿਆ । ਪੁਲਿਸ ਦਾ ਤਰਕ ਸੀ ਕਿ ਚਾਰਜਸ਼ੀਟ ਵਿੱਚ ਸੰਵੇਦਨਸ਼ੀਲ ਜਾਣਕਾਰੀ ਹੈ ਜਿਸਨੂੰ ਜਨਤਕ ਨਹੀਂ ਕੀਤਾ ਜਾ ਸਕਦਾ । ਇਸਤੋਂ ਬਾਅਦ ਵਕੀਲ ਨੂੰ ਚਾਰਜਸ਼ੀਟ ਦੀ ਕਾਪੀ ਸੀਡੀ ਵਿੱਚ ਸੌਂਪੀ ਗਈ । ਕੋਰਟ ਨੇ ਚਾਰਜਸ਼ੀਟ ਦੇ ਕੁਝ ਹਿੱਸਿਆਂ ਨੂੰ ਪ੍ਰਕਾਸ਼ਿਤ ਨਾ ਕਰਨ ਦਾ ਵੀ ਹੁਕਮ ਦਿੱਤਾ ਸੀ ।
ਹਿਸਾਰ ਪੁਲਿਸ ਨੇ ਯੂਟਿਊਬਰ ਜੋਤੀ ਨੂੰ 16 ਮਈ ਨੂੰ ਗ੍ਰਿਫਤਾਰ ਕੀਤਾ ਸੀ । ਫਿਲਹਾਲ, ਜੋਤੀ ਹਿਸਾਰ ਦੀ ਸੈਂਟਰ ਜੇਲ੍ਹ ਵਿੱਚ ਬੰਦ ਹੈ ।