ਕਥਿਤ ਵਾਇਰਲ ਆਡੀਓ ਮਾਮਲੇ ਵਿੱਚ ਵੱਡਾ ਐਕਸ਼ਨ ਹੋਇਆ ਹੈ । ਜ਼ਿਲ੍ਹਾ ਪ੍ਰਰਿਸ਼ਦ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੂੰ ਛੁੱਟੀ ’ਤੇ ਭੇਜਿਆ ਗਿਆ ਹੈ । ਉਨ੍ਹਾਂ ਦੀ ਥਾਂ ਸੰਗਰੂਰ ਦੇ ਐਸਐਸਪੀ ਸਰਤਾਜ ਚਾਹਲ ਨੂੰ ਵਾਧੂ ਚਾਰਜ ਸੌਂਪਿਆ ਗਿਆ ਹੈ । ਪੁਲਿਸ ਵਿਭਾਗ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਐਸਐਸਪੀ ਸ਼ਰਮਾ ਮੰਗਲਵਾਰ ਸ਼ਾਮ ਨੂੰ ਇੱਕ ਹਫ਼ਤੇ ਦੀ ਛੁੱਟੀ ’ਤੇ ਗਏ ਹਨ। 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਤੋਂ ਪਹਿਲਾਂ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਦੀ ਕਥਿਤ ਆਡੀਓ ਵਾਇਰਲ ਹੋਈ ਸੀ ਜਿਸਨੂੰ ਲੈ ਕੇ ਅੱਜ ਪੰਜਾਬ-ਹਰਿਆਣਾ ਹਾਈਕੋਰਟ ਮਾਮਲੇ 'ਤੇ ਸੁਣਵਾਈ ਕਰੇਗਾ ।
ਇਸ ਦੌਰਾਨ ਅਦਾਲਤ ਵਿੱਚ ਚੋਣ ਕਮਿਸ਼ਨ ਵੱਲੋਂ ਪੁਲਿਸ ਅਧਿਕਾਰੀਆਂ ਦੀਆਂ ਕਥਿਤ ਆਡੀਓ ਬਾਰੇ ਰਿਪੋਰਟ ਸੌਂਪੇਗੀ ਜਾਵੇਗੀ। ਹਾਈਕੋਰਟ ਵਿੱਚ ਸੁਣਵਾਈ ਤੋਂ ਪਹਿਲਾਂ ਹੀ ਪਟਿਆਲਾ ਦੇ ਐਸਐਸਪੀ ਵਿਰੁੱਧ ਕਾਰਵਾਈ ਕੀਤੀ ਗਈ ਹੈ। ਵਾਇਰਲ ਆਡੀਓ ਕਲਿਪ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਖਿਲ ਕੀਤੀ ਸੀ । ਇਸ ਪਟੀਸ਼ਨ ਵਿੱਚ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਤੁਰੰਤ ਨਿਆਂਇਕ ਦਖਲ ਦੀ ਮੰਗ ਕੀਤੀ ਗਈ ਹੈ,ਜਿਸ ਵਿੱਚ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਪੁਲਿਸ ਦੀ ਅਗਵਾਈ ਵਿੱਚ ਯੋਜਨਾਬੱਧ ਢੰਗ ਨਾਲ ਰੋਕਣ ਦਾ ਦੋਸ਼ ਲਗਾਇਆ ਗਿਆ ਹੈ। ਡਾ.ਦਲਜੀਤ ਸਿੰਘ ਚੀਮਾ ਨੇ ਦਾਇਰ ਜਨਹਿੱਤ ਪਟੀਸ਼ਨ ਵਿੱਚ ਐਸਐਸਪੀ ਸ਼ਰਮਾ ਨੂੰ ਮੁਅੱਤਲ ਕਰਨ ਅਤੇ ਸੱਤ ਦਿਨਾਂ ਦੇ ਅੰਦਰ ਸੀਬੀਆਈ ਦੀ ਨਿਗਰਾਨੀ ਹੇਠ FIR ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਦੱਸ ਦਈਏ ਕਿ ਪਟਿਆਲਾ ਪੁਲਿਸ ਨਾਲ ਸਬੰਧਤ ਇੱਕ ਆਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ । ਇਹ ਕਥਿਤ ਤੌਰ 'ਤੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਤੇ ਹੋਰ ਡੀਐਸਪੀ ਅਧਿਕਾਰੀਆਂ ਵਿਚਕਾਰ ਹੋਏ ਕਾਨਫਰੰਸ ਕਾਲ ਦੀ ਰਿਕਾਰਡਿੰਗ ਹੈ।
ਇਸ ਆਡੀਓ ਵਿੱਚ ਐਸਐਸਪੀ ਦੀ ਆਵਾਜ਼ ਕਿਹਾ ਗਿਆ ਹੈ ਕਿ ਵਿਰੋਧੀ ਉਮੀਦਵਾਰਾਂ ਦੀ ਨਾਮਜ਼ਦਗੀ ਨੂੰ ਰੋਕਣ ਲਈ ਧੱਕੇਸ਼ਾਹੀ ਕਰਨੀ ਹੈ। ਇਹ ਆਡੀਓ ਕਲਿਪ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਵੀ ਕੀਤਾ ਸੀ। ਪਟਿਆਲਾ ਪੁਲਿਸ ਨੇ ਵਾਇਰਲ ਆਡੀਓ ਨੂੰ ਜਾਅਲੀ ਦੱਸਿਆ ਸੀ ਅਤੇ AI ਵੱਲੋਂ ਤਿਆਰ ਕੀਤਾ ਦੱਸਿਆ ਜਿਸਤੋਂ ਬਾਅਦ ਇਹ ਮਾਮਲਾ ਹਾਈਕੋਰਟ ਵਿੱਚ ਪਹੁੰਚਿਆ ਸੀ ।