Trending:
ਵਿਜੀਲੈਂਸ ਦੀ ਟੀਮ ਨੇ ਬਟਾਲਾ ਦੇ ਐੱਸਡੀਐੱਮ-ਕਮ-ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਨੂੰ ਬੀਤੀ ਦੇਰ ਸ਼ਾਮ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਨੇ ਬੀਕੋ ਕੰਪਲੈਕਸ ਦੇ ਵਸਨੀਕ ਅਮਰਪਾਲ ਸਿੰਘ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕਰਦਿਆਂ ਐੱਸਡੀਐੱਮ ਦੀ ਰਿਹਾਇਸ਼ ’ਤੇ ਰੇਡ ਕੀਤੀ ਤਾਂ ਕਰੀਬ 14 ਲੱਖ ਰੁਪਏ ਤੋਂ ਵੱਧ ਰਕਮ ਸਮੇਤ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਨਿਗਮ ਅਧੀਨ ਆਉਂਦੀਆਂ ਸੜਕਾਂ ਦੀ ਮੁਰੰਮਤ ਕਰਵਾਈ ਗਈ ਸੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਰੌਸ਼ਨੀ ਤੇ ਆਵਾਜ਼ ਪ੍ਰੋਗਰਾਮ ਮੌਕੇ ਸ਼ਿਕਾਇਤਕਰਤਾ ਦੇ ਕੈਮਰਿਆਂ ਦੇ ਬਿੱਲ ਦਾ ਭੁਗਤਾਨ ਵੀ ਸ਼ਾਮਿਲ ਹੈ। ਇਹ ਬਿੱਲਾਂ ਦੀ ਰਾਸ਼ੀ 5 ਲੱਖ 54 ਹਜ਼ਾਰ 395 ਰੁਪਏ ਬਣਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਬਿੱਲਾਂ ਦੇ ਭੁਗਤਾਨ ਲਈ ਨਿਗਮ ਕਮਿਸ਼ਨਰ ਵਿਕਰਮਜੀਤ ਪਾਂਥੇ ਕੋਲ ਗਿਆ ਤਾਂ ਉਨ੍ਹਾਂ ਦਸ ਫ਼ੀਸਦੀ ਦੀ ਮੰਗ ਕਰਦਿਆਂ ਐੱਸਡੀਓ ਰੋਹਿਤ ਉੱਪਲ ਨੂੰ ਮਿਲਣ ਲਈ ਕਿਹਾ। ਚਰਚਾ ਹੈ ਕਿ ਕਮਿਸ਼ਨਰ ਵੱਲੋਂ ਉੱਪਲ ਨੂੰ ਐੱਸਡੀਓ ਦਾ ਰੁਤਬਾ ਵੀ ਖੁਦ ਹੀ ਦਿੱਤਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉੱਪਲ ਕੋਲ ਗਿਆ ਤਾਂ ਉਸ ਨੂੰ ਦਸ ਤੋਂ ਨੌਂ ਫੀਸਦੀ ਕਮਿਸ਼ਨ ਦੇਣ ਅਤੇ ਕਮਿਸ਼ਨਰ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਣ ਵਰਗੇ ਸ਼ਬਦ ਬੋਲੇ ਗਏ।
ਵਿਜੀਲੈਂਸ ਅਧਿਕਾਰੀਆਂ ਨੇ ਸ਼ਿਕਾਇਤਕਰਤਾ ਨੂੰ 50 ਹਜ਼ਾਰ ਰੁਪਏ ਦਿੱਤੇ । ਜਦੋਂ ਇਹ ਰਕਮ ਸ਼ਿਕਾਇਤਕਰਤਾ ਅਮਰਪਾਲ ਸਿੰਘ ਨੇ ਐਸਡੀਐਮ ਕਮ ਨਗਰ ਨਿਗਮ ਕਮਿਸ਼ਨਰ ਪਾਂਥੇ ਨੂੰ ਦਿੱਤੀ ਗਈ ਤਾਂ ਵਿਜੀਲੈਂਸ ਨੇ ਉਨ੍ਹਾਂ ਦੀ ਰਿਹਾਇਸ਼’ਤੇ ਸ਼ੁੱਕਰਵਾਰ ਰਾਤ ਕਰੀਬ ਸਾਢੇ 9 ਵਜੇ ਰੇਡ ਕਰ ਦਿੱਤੀ। ਵਿਜੀਲੈਂਸ ਦੀ ਟੀਮ ਨੇ ਰਾਤ ਸਾਢੇ 12 ਵਜੇ ਤੱਕ SDM ਤੋਂ ਪੁੱਛਗਿੱਛ ਕੀਤੀ । ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ । ਕਰੀਬ ਤਿੰਨ ਘੰਟੇ ਦੀ ਪੁੱਛਗਿੱਛ ਅਤੇ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਟੀਮ SDM ਨੂੰ ਗ੍ਰਿਫਤਾਰ ਕਰ ਆਪਣੇ ਨਾਲ ਲੈ ਗਈ।
ਸੂਤਰਾਂ ਦਾ ਮੰਨਣਾ ਹੈ ਕਿ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਨਿਰਪੱਖ ਜਾਂਚ ਕੀਤੀ ਤਾਂ ਇਹ ਮਾਮਲਾ ਹੋਰ ਵੱਡੇ ਭ੍ਰਿਸ਼ਟਾਚਾਰ ਦੇ ਭੇਦ ਖੋਲ੍ਹ ਸਕਦਾ ਹੈ । ਇਸ ਦੇ ਨਾਲ ਹੀ ਨਿਗਮ ਦੇ ਹੋਰ ਅਧਿਕਾਰੀ ਵੀ ਘੇਰੇ ਵਿੱਚ ਆ ਸਕਦੇ ਹਨ