ਚੰਡੀਗੜ੍ਹ: ਅਮਰੀਕਾ ਤੋਂ ਇੱਕ ਗੰਭੀਰ ਅਪਰਾਧ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਭਾਰਤੀ ਨੌਜਵਾਨ ‘ਤੇ ਆਪਣੀ ਗਰਲਫ੍ਰੈਂਡ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਦੋਸ਼ੀ ਨੌਜਵਾਨ ਹੱਤਿਆ ਤੋਂ ਬਾਅਦ ਅਮਰੀਕੀ ਪੁਲਿਸ ਨੂੰ ਗੁਮਰਾਹ ਕਰਦਾ ਹੋਇਆ ਭਾਰਤ ਭੱਜ ਆਇਆ। ਜਾਣਕਾਰੀ ਮੁਤਾਬਕ, ਦੋਸ਼ੀ ਅਰਜੁਨ ਸ਼ਰਮਾ ਸ਼ਨੀਚਰਵਾਰ ਨੂੰ ਅਮਰੀਕਾ ਤੋਂ ਸਿੱਧੀ ਉਡਾਣ ਰਾਹੀਂ ਅੰਮ੍ਰਿਤਸਰ ਪਹੁੰਚਿਆ, ਜਿਸ ਤੋਂ ਬਾਅਦ ਉਸਦੇ ਚੰਡੀਗੜ੍ਹ ਜਾਣ ਦੀ ਸੂਚਨਾ ਮਿਲੀ ਹੈ।
ਅਮਰੀਕੀ ਜਾਂਚ ਏਜੰਸੀਆਂ ਮੁਤਾਬਕ, ਅਰਜੁਨ ਸ਼ਰਮਾ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਭਾਰਤੀ ਏਜੰਸੀਆਂ ਨਾਲ ਤਾਲਮੇਲ ਕਰਕੇ ਉਸਨੂੰ ਡਿਪੋਰਟ ਕਰਵਾਉਣ ਦੀ ਪ੍ਰਕਿਰਿਆ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੱਤਿਆ ਕਰਨ ਤੋਂ ਬਾਅਦ ਦੋਸ਼ੀ ਨੇ ਪਹਿਲਾਂ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਦੇਸ਼ ਛੱਡ ਕੇ ਫਰਾਰ ਹੋ ਗਿਆ।
ਗਰਲਫ੍ਰੈਂਡ ਦੀ ਹੱਤਿਆ ਕਰਨ ਦਾ ਦੋਸ਼
ਅਮਰੀਕੀ ਪੁਲਿਸ ਅਨੁਸਾਰ, ਦੋਸ਼ੀ ਦੀ ਪਛਾਣ ਅਰਜੁਨ ਸ਼ਰਮਾ ਵਜੋਂ ਹੋਈ ਹੈ, ਜੋ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਹੈ। ਉਸ ‘ਤੇ ਅਮਰੀਕਾ ਵਿੱਚ ਰਹਿੰਦੀ ਆਪਣੀ ਗਰਲਫ੍ਰੈਂਡ ਨਿਕੀਤਾ ਗੋਡਿਸ਼ਲਾ ਦੀ ਚਾਕੂ ਨਾਲ ਬੇਰਹਮੀ ਨਾਲ ਹੱਤਿਆ ਕਰਨ ਦਾ ਦੋਸ਼ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਅਰਜੁਨ ਨੇ ਚਾਲਾਕੀ ਨਾਲ ਪੁਲਿਸ ਸਟੇਸ਼ਨ ਪਹੁੰਚ ਕੇ ਨਿਕੀਤਾ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ, ਤਾਂ ਜੋ ਆਪਣੇ ਉੱਤੇ ਸ਼ੱਕ ਨਾ ਆਵੇ।
ਅਰਜੁਨ ਨੇ ਗੁੰਮਸ਼ੁਦਗੀ ਦਾ ਮਾਮਲਾ ਕਰਵਾਇਆ ਦਰਜ
ਪੁਲਿਸ ਰਿਕਾਰਡਾਂ ਮੁਤਾਬਕ, 2 ਜਨਵਰੀ ਨੂੰ ਅਰਜੁਨ ਸ਼ਰਮਾ ਨੇ ਹਾਵਰਡ ਕਾਊਂਟੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਉਸਨੇ ਦੱਸਿਆ ਕਿ ਉਸਦੀ ਗਰਲਫ੍ਰੈਂਡ ਨਿਕੀਤਾ ਨਵੇਂ ਸਾਲ ਦੀ ਸ਼ਾਮ ਤੋਂ ਲਾਪਤਾ ਹੈ। ਅਰਜੁਨ ਦਾ ਦਾਅਵਾ ਸੀ ਕਿ ਉਸਨੇ ਨਿਕੀਤਾ ਨੂੰ ਆਖਰੀ ਵਾਰ ਕੋਲੰਬੀਆ ਦੇ ਟਵਿਨ ਰਿਵਰਜ਼ ਰੋਡ ਸਥਿਤ ਆਪਣੇ ਫਲੈਟ ਵਿੱਚ ਦੇਖਿਆ ਸੀ।
ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਜਿਸ ਦਿਨ ਅਰਜੁਨ ਨੇ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ, ਉਸੇ ਦਿਨ ਉਹ ਅਮਰੀਕਾ ਛੱਡ ਕੇ ਭਾਰਤ ਲਈ ਰਵਾਨਾ ਹੋ ਗਿਆ। ਇਸ ਤੋਂ ਬਾਅਦ ਪੁਲਿਸ ਦਾ ਸ਼ੱਕ ਹੋਰ ਗਹਿਰਾ ਹੋ ਗਿਆ। ਡਿਟੈਕਟਿਵ ਵਿਭਾਗ ਵੱਲੋਂ ਅਰਜੁਨ ਦੇ ਫਲੈਟ ਦੀ ਤਲਾਸ਼ੀ ਲਈ ਸਰਚ ਵਾਰੰਟ ਜਾਰੀ ਕੀਤਾ ਗਿਆ।
ਅਰਜੁਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
ਜਦੋਂ ਪੁਲਿਸ ਫਲੈਟ ਵਿੱਚ ਦਾਖਲ ਹੋਈ ਤਾਂ ਉਥੋਂ ਨਿਕੀਤਾ ਗੋਡਿਸ਼ਲਾ ਦੀ ਲਾਸ਼ ਬਰਾਮਦ ਹੋਈ। ਉਸਦੇ ਸ਼ਰੀਰ ‘ਤੇ ਚਾਕੂ ਦੇ ਕਈ ਨਿਸ਼ਾਨ ਮਿਲੇ, ਜਿਸ ਨਾਲ ਇਹ ਸਾਫ਼ ਹੋ ਗਿਆ ਕਿ ਉਸਦੀ ਨਿਰਦਈ ਹੱਤਿਆ ਕੀਤੀ ਗਈ ਹੈ। ਇਸ ਤੋਂ ਬਾਅਦ ਅਮਰੀਕੀ ਪੁਲਿਸ ਨੇ ਅਰਜੁਨ ਸ਼ਰਮਾ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ।
ਹੱਤਿਆ ਦੇ ਕਾਰਨਾਂ ਦੀ ਜਾਂਚ ਜਾਰੀ
ਅਮਰੀਕੀ ਪੁਲਿਸ ਫੈਡਰਲ ਏਜੰਸੀਆਂ ਨਾਲ ਮਿਲ ਕੇ ਦੋਸ਼ੀ ਨੂੰ ਕਾਬੂ ਕਰਨ ਲਈ ਕਾਰਵਾਈ ਕਰ ਰਹੀ ਹੈ, ਜਦਕਿ ਭਾਰਤੀ ਏਜੰਸੀਆਂ ਨੂੰ ਵੀ ਮਾਮਲੇ ਬਾਰੇ ਅਲਰਟ ਕਰ ਦਿੱਤਾ ਗਿਆ ਹੈ। ਸ਼ੁਰੂਆਤੀ ਜਾਂਚ ਅਨੁਸਾਰ, ਨਿਕੀਤਾ ਦੀ ਹੱਤਿਆ ਨਵੇਂ ਸਾਲ ਦੀ ਸ਼ਾਮ ਕਰੀਬ 7 ਵਜੇ ਤੋਂ ਬਾਅਦ ਹੋਣ ਦੀ ਆਸ਼ੰਕਾ ਹੈ। ਹੱਤਿਆ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਘਟਨਾ ਤੋਂ ਪਹਿਲਾਂ ਦੋਹਾਂ ਵਿਚਕਾਰ ਕਿਸੇ ਕਿਸਮ ਦਾ ਵਿਵਾਦ ਹੋਇਆ ਸੀ ਜਾਂ ਨਹੀਂ।