ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜਲੰਧਰ ਵਿੱਚ ਰਿਚੀ ਟਰੈਵਲ ਦੇ ਮਾਲਕ ਦੇ ਦਫ਼ਤਰ ਅਤੇ ਘਰ ‘ਤੇ ਛਾਪਾ ਮਾਰਿਆ ਹੈ। ਈਡੀ ਨੇ ਰਿਚੀ ਟ੍ਰੈਵਲਜ਼ ਦੇ ਦਫ਼ਤਰ ਤੇ ਘਰ ’ਤੇ ਇੱਕੋ ਸਮੇਂ ਕਾਰਵਾਈ ਕਰਦਿਆਂ ਮਹੱਤਵਪੂਰਨ ਰਿਕਾਰਡ ਜ਼ਬਤ ਕੀਤੇ ਹਨ। ਦੋਸ਼ ਹੈ ਕਿ ਇਸ ਫਰਮ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਕਰੋੜਾਂ ਰੁਪਏ ਦਾ ਲੈਣ-ਦੇਣ ਨਕਦ ਰੂਪ ਵਿਚ ਕੀਤਾ। ਜਾਂਚ ਉਸ ਸਮੇਂ ਸ਼ੁਰੂ ਹੋਈ ਜਦੋਂ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਲੋਕਾਂ ਨੇ ਪੁਲਿਸ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ। ਇਸ ਤਰ੍ਹਾਂ ਦੇ 19 ਮਾਮਲੇ ਵੱਖ-ਵੱਖ ਸੂਬਿਆਂ ਵਿਚ ਦਰਜ ਕੀਤੇ ਗਏ ਹਨ। ਪੀੜਤਾਂ ਨੇ ਦੱਸਿਆ ਕਿ ਅਮਰੀਕਾ ਜਾਣ ਲਈ ਉਨ੍ਹਾਂ ਨੇ ‘ਡੰਕੀ ਰੂਟ’ ਅਪਣਾਇਆ ਸੀ ਤੇ ਰਿਚੀ ਟ੍ਰੈਵਲਜ਼ ਦੇ ਨੈੱਟਵਰਕ ਨੂੰ ਨਕਦ ਵਿਚ ਕਰੋੜਾਂ ਰੁਪਏ ਦਿੱਤੇ ਗਏ।
ਰਿਚੀ ਟ੍ਰੈਵਲ ਦੇ ਇੱਕ ਸਹਿਯੋਗੀ ਦੇ ਟਿਕਾਣਿਆਂ 'ਤੇ ਛਾਪਾ
ਹਾਲਾਂਕਿ, ਇਸ ਮਾਮਲੇ ਵਿੱਚ ਸਭ ਤੋਂ ਵੱਡੀ ਜ਼ਬਤੀ ਦਿੱਲੀ ਵਿੱਚ ਰਿਚੀ ਟ੍ਰੈਵਲ ਦੇ ਇੱਕ ਸਹਿਯੋਗੀ ਦੇ ਟਿਕਾਣਿਆਂ ਤੋਂ ਹੋਈ। ਸੂਤਰਾਂ ਅਨੁਸਾਰ, ਈਡੀ ਨੇ ₹4.50 ਕਰੋੜ ਤੋਂ ਵੱਧ ਦੀ ਨਕਦੀ, ਲਗਭਗ 6 ਕਿਲੋਗ੍ਰਾਮ ਸੋਨਾ ਅਤੇ ਲਗਭਗ 300 ਕਿਲੋਗ੍ਰਾਮ ਚਾਂਦੀ ਜ਼ਬਤ ਕੀਤੀ ਹੈ। ਇਨ੍ਹਾਂ ਜ਼ਬਤੀਆਂ ਦੇ ਆਧਾਰ 'ਤੇ, ਜਾਂਚ ਏਜੰਸੀ ਨੂੰ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਲੈਣ-ਦੇਣ ਅਤੇ ਮਨੀ ਲਾਂਡਰਿੰਗ ਦਾ ਸ਼ੱਕ ਹੈ।
ਵਿਅਕਤੀਆਂ ਵੱਲੋਂ ਪੁੱਛ-ਗਿਛ ਜਾਰੀ
ਈਡੀ ਹੁਣ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਅਤੇ ਜਾਇਦਾਦਾਂ ਦੀ ਫੋਰੈਂਸਿਕ ਜਾਂਚ ਕਰ ਰਹੀ ਹੈ ਤਾਂ ਜੋ ਫੰਡਾਂ ਦੇ ਸਰੋਤ ਅਤੇ ਉਨ੍ਹਾਂ ਦੀ ਵਰਤੋਂ ਵਿੱਚ ਸ਼ਾਮਲ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋ ਸਕਦੇ ਹਨ। ਫ਼ਿਲਹਾਲ ਈਡੀ ਦੀ ਜਾਂਚ ਜਾਰੀ ਹੈ ਅਤੇ ਮਾਮਲੇ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।