ਤਰਨਤਾਰਨ ਪੁਲਿਸ ਨੇ ਮੈਰਿਜ ਪੈਲੇਸ ਵਿੱਚ ਚੱਲ ਰਹੀ ਪਾਰਟੀ ਦੌਰਾਨ ਵੱਡੀ ਕਾਰਵਾਈ ਕਰਦਿਆਂ ਸੱਤ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ । ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਸੱਤ ਪਿਸਤੌਲ, ਇੱਕ ਡੰਮੀ ਪਿਸਤੌਲ ਅਤੇ ਰੋਂਦ ਬਰਾਮਦ ਕੀਤੇ ਹਨ।
ਮੁਲਜ਼ਮਾਂ ਦੀ ਪਛਾਣ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ, ਹਰਪ੍ਰੀਤ ਸਿੰਘ ਉਰਫ ਹੈਪੀ ਬਾਬਾ, ਮਨਜਿੰਦਰ ਸਿੰਘ ਮਨੀ, ਰਾਜਕਰਨ ਸਿੰਘ, ਬੋਬੀ, ਜੁਗਰਾਜ ਸਿੰਘ ਅਤੇ ਗੁਰਦੇਵ ਸਿੰਘ ਵਜੋਂ ਹੋਈ ਹੈ।
ਐਸਐਸਪੀ ਸੁਰਿੰਦਰ ਲਾਂਭਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ। ਮੌਕੇ 'ਤੇ ਚਾਰ ਪਿਸਤੌਲ ਅਤੇ ਇੱਕ ਡੰਮੀ ਪਿਸਤੌਲ ਬਰਾਮਦ ਹੋਇਆ ਸੀ ਜਦੋਂ ਕਿ ਰਿਮਾਂਡ ਦੌਰਾਨ ਪੁੱਛਗਿੱਛ ਉੱਪਰੰਤ ਚਾਰ ਹੋਰ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ।
ਐਸਐਸਪੀ ਨੇ ਖੁਲਾਸਾ ਕੀਤਾ ਕਿ ਰਾਜੂ ਸ਼ੂਟਰ ਖਿਲਾਫ 17 ਅਤੇ ਹੈਪੀ ਬਾਬਾ ਖਿਲਾਫ 16 ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ । ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਹਥਿਆਰ ਕਿਸ ਅਪਰਾਧਿਕ ਗਤੀ ਵਿੱਚ ਵਰਤੇ ਜਾਣੇ ਸਨ।