ਰਮਦਾਸ: ਸ਼੍ਰੀਨਗਰ ਦੇ ਅਨੰਤਨਾਗ ਵਿਖੇ ਡਿਊਟੀ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਰਤੀ ਫੌਜ ਦੇ ਜਵਾਨ ਪ੍ਰਗਟ ਸਿੰਘ ਦਾ ਮ੍ਰਿਤਕ ਸਰੀਰ ਅੱਜ ਉਸ ਦੇ ਜੱਦੀ ਪਿੰਡ ਰਮਦਾਸ ਵਿਖੇ ਪਹੁੰਚਿਆ ਜਿੱਥੇ ਸਰਕਾਰੀ ਸਨਮਾਨਾ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਪਰਗਟ ਸਿੰਘ ਨੂੰ ਅੰਤਿਮ ਵਿਦਾਈ ਦੇਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ “ਸ਼ਹੀਦ ਪਰਗਟ ਸਿੰਘ ਅਮਰ ਰਹੇ” ਦੇ ਨਾਅਰਿਆਂ ਨਾਲ ਆਕਾਸ਼ ਗੂੰਜ ਉਠਿਆ।
ਪੰਜ ਤੱਤਾਂ ਵਿੱਚ ਵਲੀਨ ਹੋਏ ਸ਼ਹੀਦ ਪ੍ਰਗਟ ਸਿੰਘ
ਅੰਤਿਮ ਸੰਸਕਾਰ ਸਮਾਗਮ ਦੌਰਾਨ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸਮੇਤ ਕਈ ਰਾਜਨੀਤਿਕ ਆਗੂ, ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਅਧਿਕਾਰੀ ਅਤੇ ਫੌਜ ਦੇ ਨੁਮਾਇੰਦੇ ਮੌਜੂਦ ਰਹੇ। ਸਾਰਿਆਂ ਵੱਲੋਂ ਸ਼ਹੀਦ ਪਰਗਟ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਨਮਨ ਕੀਤਾ ਗਿਆ। ਸਰਕਾਰੀ ਰਸਮਾਂ ਅਨੁਸਾਰ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ ਤਿਰੰਗੇ ਵਿੱਚ ਲਪੇਟੀ ਹੋਈ ਦੇਹ ਨੂੰ ਪੂਰੇ ਮਾਨ-ਸਨਮਾਨ ਨਾਲ ਅਗਨੀ ਭੇਟ ਕੀਤਾ ਗਿਆ।

ਸਰਕਾਰੀ ਨੌਕਰੀ ਦੀ ਮੰਗ
ਇਸ ਭਾਵੁਕ ਮੌਕੇ ‘ਤੇ ਸ਼ਹੀਦ ਪਰਗਟ ਸਿੰਘ ਦੇ ਪਿਤਾ ਜੋਗਿੰਦਰ ਸਿੰਘ ਨੇ ਸਰਕਾਰ ਅੱਗੇ ਆਪਣੇ ਪੁੱਤਰ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਮੰਗ ਰੱਖੀ ਕਿ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਤਾਂ ਜੋ ਪਰਿਵਾਰ ਦਾ ਭਵਿੱਖ ਸੁਰੱਖਿਅਤ ਬਣ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਦੇਸ਼ ਲਈ ਕੁਰਬਾਨ ਹੋ ਗਿਆ ਹੈ ਅਤੇ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸ਼ਹੀਦ ਦੇ ਪਰਿਵਾਰ ਦਾ ਪੂਰਾ ਧਿਆਨ ਰੱਖਿਆ ਜਾਵੇ।
ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਪਰਗਟ ਸਿੰਘ ਦੇ ਪਰਿਵਾਰ ਨੂੰ ਸਰਕਾਰ ਦੀ ਨੀਤੀ ਅਨੁਸਾਰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼ਹੀਦ ਦੀ ਪਤਨੀ ਨੂੰ ਨੌਕਰੀ ਦੇਣ ਸਮੇਤ ਹੋਰ ਆਰਥਿਕ ਅਤੇ ਸਮਾਜਿਕ ਸਹਾਇਤਾ ਵੀ ਯਕੀਨੀ ਬਣਾਈ ਜਾਵੇਗੀ।

ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ
ਧਾਲੀਵਾਲ ਨੇ ਕਿਹਾ ਕਿ ਪਰਗਟ ਸਿੰਘ ਵਰਗੇ ਸੂਰਮੇ ਦੇਸ਼ ਦਾ ਮਾਣ ਹਨ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਲਾਕੇ ਦੇ ਲੋਕਾਂ ਨੇ ਵੀ ਸ਼ਹੀਦ ਦੇ ਪਰਿਵਾਰ ਨਾਲ ਇਕਜੁੱਟਤਾ ਜਤਾਉਂਦਿਆਂ ਸਰਕਾਰ ਤੋਂ ਇਨਸਾਫ਼ ਅਤੇ ਪੂਰੀ ਮਦਦ ਦੀ ਮੰਗ ਕੀਤੀ।
ਆਕਸੀਜਨ ਦੀ ਘਾਟ ਨੇ ਲਈ ਜਾਨ
ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਡਿਊਟੀ ਦੌਰਾਨ ਪ੍ਰਗਟ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸਦੀ ਮੌਤ ਆਕਸੀਜਨ ਦੀ ਘਾਟ ਅਤੇ ਬਹੁਤ ਜ਼ਿਆਦਾ ਠੰਢ ਕਾਰਨ ਹੋਈ ਹੈ।