ਸਮਾਣਾ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਸ਼ਹਿਰ ਦੇ ਘੜਾਮੀ ਪੱਤੀ ਗਹਿਲ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਕਿ ਬੀਤੀ ਰਾਤ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲਗਭਗ 7 ਲੱਖ ਰੁਪਏ ਨਗਦੀ ਅਤੇ 5 ਤੋਲੇ ਸੋਨਾ ਚੋਰੀ ਕੀਤਾ ਤੇ ਫਰਾਰ ਹੋ ਗਏ। ਚੋਰ ਘਰ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਸਾਫ਼ ਤੌਰ ‘ਤੇ ਕੈਦ ਹੋ ਗਈ ਹੈ।
ਘਰ ‘ਚ ਰਹਿਣ ਵਾਲਾ ਬਜ਼ੁਰਗ ਜੋੜਾ ਆਪਣੀ ਧੀ ਦਾ ਹਾਲ-ਚਾਲ ਪੁੱਛਣ ਲਈ ਹਰਿਆਣਾ ਦੇ ਗੁਮਥਲਾ ਗਿਆ ਹੋਇਆ ਸੀ। ਸਵੇਰੇ ਗੁਆਂਢੀਆਂ ਵੱਲੋਂ ਫੋਨ ਆਉਣ ‘ਤੇ ਜਦੋਂ ਪਤੀ-ਪਤਨੀ ਘਰ ਵਾਪਸ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦਾ ਮੁੱਖ ਤਾਲਾ ਟੁੱਟਿਆ ਹੋਇਆ ਸੀ। ਚੋਰਾਂ ਨੇ ਸਾਹਮਣੇ ਵਾਲੇ ਗੁਆਂਢੀਆਂ ਦੇ ਘਰ ਦੇ ਬੂਹੇ ਨੂੰ ਵੀ ਤਾਲਾ ਲਾ ਕੇ ਬੰਦ ਕਰ ਦਿੱਤਾ, ਤਾਂ ਜੋ ਅੰਦਰੋਂ ਕੋਈ ਬਾਹਰ ਨਾ ਆ ਸਕੇ।
ਪੀੜਤ ਨੇ ਦੱਸਿਆ ਕਿ ਉਹ ਨਵਾਂ ਮਕਾਨ ਖਰੀਦਣ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਦੇ ਬੇਟੇ ਵਿਦੇਸ਼ ਵਿੱਚ ਰਹਿੰਦੇ ਹਨ, ਜਿਨ੍ਹਾਂ ਨੇ ਕੁਝ ਪੈਸੇ ਭੇਜੇ ਸਨ ਅਤੇ ਕੁਝ ਰਕਮ ਰਿਸ਼ਤੇਦਾਰਾਂ ਤੋਂ ਇਕੱਠੀ ਕੀਤੀ ਗਈ ਸੀ। ਇਸ ਦੌਰਾਨ 7 ਲੱਖ ਰੁਪਏ ਨਗਦ ਅਤੇ ਪੰਜ ਤੋਲੇ ਸੋਨਾ ਘਰ ਵਿੱਚ ਰੱਖਿਆ ਹੋਇਆ ਸੀ, ਜੋ ਚੋਰ ਲੈ ਕੇ ਫਰਾਰ ਹੋ ਗਏ।
ਸੀਸੀਟੀਵੀ ਫੁਟੇਜ ਵਿੱਚ ਚਾਰ ਕਥਿਤ ਵਿਅਕਤੀ ਗਲੀ ਵਿੱਚ ਲਗਭਗ ਦੋ ਘੰਟੇ ਤੱਕ ਘੁੰਮਦੇ ਹੋਏ ਨਜ਼ਰ ਆ ਰਹੇ ਹਨ। ਸਮਾਣਾ ਸਿਟੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।