ਭਾਰਤੀ ਜਨਤਾ ਪਾਰਟੀ 2027 ਦੀਆਂ ਵਿਧਾਨਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ। ਬੀਜੇਪੀ ਪੰਜਾਬ ਦੇ ਚੋਣ ਮੈਦਾਨ ‘ਚ ਇਕੱਲੀ ਨਿਤਰੇਗੀ। ਇਹ ਬਿਆਨ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਦਿੱਤਾ ਗਿਆ ਹੈ। ਬਿੱਟੂ ਨੇ ਕਿਹਾ ਕਿ ਅਕਾਲੀ ਦਲ ਨਾਲ ਗਠਜੋੜ ਦੀ ਕੋਈ ਗੁੰਜਾਇਸ਼ ਨਹੀਂ ਰਹੀ, ਕਿਉਂਕਿ ਪਾਰਟੀ ਹੁਣ ਪੰਜਾਬ ਵਿੱਚ ਆਪਣੀ ਅਲੱਗ ਪਹਿਚਾਣ ਬਣਾਉਣ ਦੇ ਮੂਡ ਵਿੱਚ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਿੱਟੂ ਨੇ ਕਿਹਾ, “ਭਾਜਪਾ ਨੇ ਹਮੇਸ਼ਾਂ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ। ਅਸੀਂ ਕਿਸੇ ਦੀ ਛਾਂਹ ਹੇਠ ਨਹੀਂ, ਸਗੋਂ ਆਪਣੇ ਬਲਬੂਤੇ ‘ਤੇ ਚੋਣ ਮੈਦਾਨ ਵਿੱਚ ਉਤਰਾਂਗੇ।”
ਉਨ੍ਹਾਂ ਨੇ ਕਿਹਾ ਕਿ ਪਾਰਟੀ ਹਰ ਹਲਕੇ ਵਿੱਚ ਆਪਣਾ ਉਮੀਦਵਾਰ ਤਿਆਰ ਕਰ ਰਹੀ ਹੈ ਤੇ ਆਉਣ ਵਾਲੇ ਮਹੀਨਿਆਂ ਵਿੱਚ ਜ਼ਮੀਨੀ ਪੱਧਰ ‘ਤੇ ਵੱਡਾ ਕੈਂਪੇਨ ਸ਼ੁਰੂ ਕੀਤਾ ਜਾਵੇਗਾ। ਸਿਆਸੀ ਮਾਹਿਰਾਂ ਮੁਤਾਬਿਕ ਬਿੱਟੂ ਦਾ ਇਹ ਬਿਆਨ ਸਿਰਫ਼ ਰਾਜਨੀਤਕ ਰਣਨੀਤੀ ਨਹੀਂ, ਸਗੋਂ ਭਾਜਪਾ ਦੇ ਖ਼ੁਦਮੁਖ਼ਤਿਆਰ ਸਵਰੂਪ ਦੀ ਘੋਸ਼ਣਾ ਹੈ। ਇਸ ਐਲਾਨ ਨਾਲ ਪੰਜਾਬੀ ਰਾਜਨੀਤੀ ਦੇ ਸਮੀਕਰਨ ਬਦਲਣ ਦੀ ਪੂਰੀ ਸੰਭਾਵਨਾ ਬਣ ਗਈ ਹੈ। ਦੱਸ ਦਈਏ ਕਿ ਇਸਤੋਂ ਪਹਿਲਾਂ ਵੀ ਬੀਜੇਪੀ ਦੇ ਕਈ ਆਗੂ, ਭਾਵੇਂ ਉਹ ਪੰਜਾਬ ਜਾਂ ਫਿਰ ਕੌਮੀ ਸਿਆਸਤ ਨਾਲ ਤਾਲੁੱਕ ਰੱਖਦੇ ਹੋਣ, ਅਕਾਲੀ ਦਲ ਨਾਲ ਗਠਜੋੜ ਦੀਆਂ ਚਰਚਾਵਾਂ ਤੋਂ ਇਨਕਾਰ ਕਰ ਚੁੱਕੇ ਹਨ।
ਪਰ ਸਵਾਲ ਇਹ ਹੈ ਕਿ ਰਵਨੀਤ ਬਿੱਟੂ ਦਾ ਬਿਆਨ ਕਿ ਉਨ੍ਹਾਂ ਦਾ ਨਿਜੀ ਬਿਆਨ ਹੈ ਜਾਂ ਫਿਰ ਪਾਰਟੀ ਦੀ ਸਰਬ-ਉੱਚ ਲੀਡਰਸ਼ਿਪ ਦੇ ਵਿਚਾਰਾਂ ਦਾ ਪ੍ਰਗਟਾਵਾ । ਰਵਨੀਤ ਬਿੱਟੂ ਤੋਂ ਪਹਿਲਾਂ ਦਿੱਲੀ ਵਜ਼ਾਰਤ ‘ਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੀ ਪੰਜਾਬ ‘ਚ ਅਕਾਲੀ ਦਲ ਨਾਲ ਕਿਸੇ ਵੀ ਗਠਜੋੜ ਤੋਂ ਇਨਕਾਰ ਕਰ ਚੁੱਕੇ ਹਨ।