ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਨਕਾਬਪੋਸ਼ ਲੁਟੇਰਿਆਂ ਨੇ ਘਰ ਵਿੱਚ ਦਾਖਲ ਹੋ ਕੇ ਪਹਿਲਾਂ ਮਾਂ ਨੂੰ ਬੰਨ੍ਹਿਆ ਅਤੇ ਫਿਰ ਉਸਦੇ ਪੁੱਤ ਦੀ ਹੱਤਿਆ ਕਰ ਦਿੱਤੀ। ਇਹ ਪੂਰੀ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 9:55 ਵਜੇ ਤਿੰਨ ਨਕਾਬਪੋਸ਼ ਵਿਅਕਤੀ ਕੰਧ ਟੱਪ ਕੇ ਕ੍ਰਿਸ਼ਨ ਕੁਮਾਰ ਉਰਫ਼ ਨੀਟਾ ਦੇ ਘਰ ਵਿੱਚ ਦਾਖਲ ਹੋਏ। ਘਰ ਵਿੱਚ ਉਸ ਸਮੇਂ ਕੇਵਲ ਮਾਂ ਅਤੇ ਪੁੱਤ ਹੀ ਮੌਜੂਦ ਸਨ। ਨਕਾਬਪੋਸ਼ ਲੁਟੇਰਿਆਂ ਨੇ ਸਭ ਤੋਂ ਪਹਿਲਾਂ ਮ੍ਰਿਤਕ ਦੀ ਮਾਂ ਸਵਿੱਤਰੀ ਦੇਵੀ ਨੂੰ ਬੰਨ੍ਹਿਆ ਇਸ ਤੋਂ ਬਾਅਦ ਦੋ ਨਕਾਬਪੋਸ਼ਾਂ ਨੇ ਪੁੱਤ ਨੂੰ ਕਾਬੂ ਕਰਕੇ ਉਸਦੀ ਹੱਤਿਆ ਕਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰਿਆਂ ਨੇ ਘਰ ਦੀਆਂ ਅਲਮਾਰੀਆਂ ਦੀ ਤਲਾਸ਼ੀ ਲਈ ਅਤੇ ਫਰਾਰ ਹੋ ਗਏ।
ਪੀੜ੍ਹਤ ਮਾਂ ਨੇ ਦੱਸਿਆ ਕਿ ਉਸਨੇ ਮੌਕਾ ਦੇਖ ਕੇ ਆਪਣੇ ਹੱਥ-ਪੈਰ ਖੋਲ੍ਹੇ ਅਤੇ ਬਾਹਰ ਨਿਕਲ ਕੇ ਗੁਆਂਢੀਆਂ ਨੂੰ ਜਗਾਇਆ। ਜਦੋਂ ਗੁਆਂਢੀ ਘਰ ਅੰਦਰ ਪਹੁੰਚੇ ਤਾਂ ਕ੍ਰਿਸ਼ਨ ਕੁਮਾਰ ਉਰਫ਼ ਨੀਟਾ ਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਇਸ ਸਬੰਧੀ ਡੀਐਸਪੀ ਰਣਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਫਿਲਹਾਲ ਪੁਲਿਸ ਵੱਲੋਂ ਨਕਾਬਪੋਸ ਲੁਟੇਰਿਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਾਂਚ ਜਾਰੀ ਹੈ।