ਪੰਜਾਬ ਕਾਂਗਰਸ ਨੇ ਸਾਲ 2027 ਵਿਧਾਨਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਤਹਿਤ ਜੱਥੇਬੰਦਕ ਢਾਂਚੇ ਦੀ ਮਜ਼ਬੂਤੀ ਵੱਲ ਕਦਮ ਚੁੱਕਦਿਆਂ ਰਾਜ ਭਰ ਵਿੱਚ 27 ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ। ਇਹ ਨਿਯੁਕਤੀਆਂ ਆਲ ਇੰਡੀਆ ਕਾਂਗਰਸ ਕਮੇਟੀ (AICC) ਵੱਲੋਂ ਮਨਜ਼ੂਰ ਕੀਤੀਆਂ ਗਈਆਂ ਹਨ। ਕਈ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਪਾਰਟੀ ਦੇ ਸੂਬਾ ਅਧਿਅਕਸ਼ ਵੱਲੋਂ ਜਾਰੀ ਸੂਚੀ ਮੁਤਾਬਕ, ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਕਰਦਿਆਂ ਜਾਤੀਗਤ ਸੰਤੁਲਨ, ਖੇਤਰੀ ਪ੍ਰਤੀਨਿਧਿਤਾ ਅਤੇ ਵਰਕਰ ਅਧਾਰਿਤ ਨੇਤ੍ਰਿਤਵ ਨੂੰ ਤਰਜੀਹ ਦਿੱਤੀ ਗਈ ਹੈ।
ਕਾਂਗਰਸ ਨੇ 12 ਜ਼ਿਲ੍ਹਿਆਂ ਵਿੱਚ ਚਿਹਰੇ ਬਦਲੇ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ ਸ਼ਹਿਰੀ ਅਤੇ ਦਿਹਾਤੀ, ਬਠਿੰਡਾ ਦਿਹਾਤੀ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਹੁਸ਼ਿਆਰਪੁਰ, ਮੋਗਾ, ਮੋਹਾਲੀ, ਪਠਾਨਕੋਟ, ਪਟਿਆਲਾ ਦਿਹਾਤੀ, ਸੰਗਰੂਰ ਅਤੇ ਤਰਨਤਾਰਨ ਸ਼ਾਮਲ ਹਨ। ਕਾਬਿਲੇਗੌਰ ਹੈ ਕਿ ਕਾਂਗਰਸ ਦੇ 27 ਜ਼ਿਲ੍ਹਿਆਂ ਲਈ ਪ੍ਰਧਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਦੋਂ ਕਿ ਮਲੇਰਕੋਟਲਾ ਅਤੇ ਮਾਨਸਾ ਦੀ ਸੂਚੀ ਅਜੇ ਜਾਰੀ ਨਹੀਂ ਕੀਤੀ ਗਈ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸੂਚੀ ਬਹੁਤ ਪਹਿਲਾਂ ਤਿਆਰ ਕੀਤੀ ਗਈ ਸੀ ਪਰ ਪਾਰਟੀ ਤਰਨਤਾਰਨ ਉਪ ਚੋਣ ਦੀ ਉਡੀਕ ਕਰ ਰਹੀ ਸੀ। ਪਾਰਟੀ ਨੇ ਵੋਟਾਂ ਤੋਂ ਤੁਰੰਤ ਬਾਅਦ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਗਿੱਲ ਨੂੰ ਵੀ ਬਦਲ ਦਿੱਤਾ ਹੈ ਜਿਨ੍ਹਾਂ ਦੀ ਜਗ੍ਹਾ ਰਾਜਬੀਰ ਸਿੰਘ ਭੁੱਲਰ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਦੋਵੇਂ ਪੰਜਾਬ ਸਕੱਤਰਾਂ ਨੂੰ ਵੀ ਬਦਲ ਦਿੱਤਾ ਹੈ, ਹਿਨਾ ਕਵਾਰੇ ਅਤੇ ਸੂਰਜ ਠਾਕੁਰ ਨੂੰ ਪੰਜਾਬ ਸਕੱਤਰ ਨਿਯੁਕਤ ਕੀਤਾ ਗਿਆ ਹੈ ਜੋ ਕਿ ਸੂਬਾ ਇੰਚਾਰਜ ਤੇ ਪਾਰਟੀ ਦੇ ਜਨਰਲ ਸਕੱਤਰ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਸਹਾਇਕ ਦੀ ਭੂਮਿਕਾ ਨਿਭਾਉਣਗੇ।
ਕਾਂਗਰਸ ਵੱਲੋਂ ਐਲਾਨੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ
ਅੰਮ੍ਰਿਤਸਰ ਦਿਹਾਤੀ ਤੋਂ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਅੰਮ੍ਰਿਤਸਰ ਸ਼ਹਿਰੀ ਤੋਂ ਸੌਰਭ ਮਦਾਨ, ਬਰਨਾਲਾ ਤੋਂ ਕੁਲਦੀਪ ਸਿੰਘ ਕਾਲਾ ਢਿੱਲੋਂ, ਬਠਿੰਡਾ ਸ਼ਹਿਰੀ ਤੋਂ ਪ੍ਰੀਤਮ ਸਿੰਘ ਕੋਟਭਾਈ, ਬਠਿੰਡਾ ਦਿਹਾਤੀ ਤੋਂ ਰਾਜਨ ਗਰਗ, ਫਰੀਦਕੋਟ ਤੋਂ ਨਵਦੀਪ ਸਿੰਘ ਬਰਾੜ, ਫਤਿਹਗੜ੍ਹ ਸਾਹਿਬ ਤੋਂ ਸੁਰਿੰਦਰ ਸਿੰਘ, ਫਾਜ਼ਿਲਕਾ ਤੋਂ ਹਰਪ੍ਰੀਤ ਸਿੰਘ ਸੰਧੂ, ਫਿਰੋਜ਼ਪੁਰ ਤੋਂ ਕੁਲਬੀਰ ਸਿੰਘ ਜ਼ੀਰਾ, ਗੁਰਦਾਸਪੁਰ ਤੋਂ ਬਰਿੰਦਰਮੀਤ ਸਿੰਘ ਪਾਹੜਾ, ਹੁਸ਼ਿਆਰਪੁਰ ਤੋਂ ਦਲਜੀਤ ਸਿੰਘ, ਜਲੰਧਰ ਸ਼ਹਿਰੀ ਤੋਂ ਰਜਿੰਦਰ ਬੇਰੀ, ਜਲੰਧਰ ਦਿਹਾਤੀ ਤੋਂ ਹਰਦੇਵ ਸਿੰਘ ਲਾਡੀ, ਕਪੂਰਥਲਾ ਤੋਂ ਬਲਵਿੰਦਰ ਸਿੰਘ ਧਾਲੀਵਾਲ, ਖੰਨਾ ਤੋਂ ਲਖਵੀਰ ਸਿੰਘ ਲੱਖਾ, ਲੁਧਿਆਣਾ ਦਿਹਾਤੀ ਤੋਂ ਮੇਜਰ ਸਿੰਘ ਮੁੱਲਾਂਪੁਰ, ਲੁਧਿਆਣਾ ਸ਼ਹਿਰੀ ਤੋਂ ਸੰਜੀਵ ਤਲਵਾੜ, ਮੋਗਾ ਤੋਂ ਹਰੀ ਸਿੰਘ ਖਾਈ, ਮੋਹਾਲੀ ਤੋਂ ਕਮਲ ਕਿਸ਼ੋਰ ਸ਼ਰਮਾ, ਮੁਕਤਸਰ ਤੋਂ ਸ਼ੁਭਦੀਪ ਸਿੰਘ ਬਿੱਟੂ, ਪਠਾਨਕੋਟ ਤੋਂ ਪੰਨਾ ਲਾਲ ਭਾਟੀਆ, ਪਟਿਆਲਾ ਦਿਹਾਤੀ ਤੋਂ ਗੁਰਦਰਸ਼ਨ ਕੌਰ ਰੰਧਾਵਾ, ਪਟਿਆਲਾ ਸ਼ਹਿਰੀ ਤੋਂ ਨਰੇਸ਼ ਕੁਮਾਰ ਦੁੱਗਲ, ਰੋਪੜ ਤੋਂ ਅਸ਼ਵਨੀ ਸ਼ਰਮਾ, ਸੰਗਰੂਰ ਤੋਂ ਜਗਦੇਵ ਸਿੰਘ ਗੱਗਾ, ਐੱਸਬੀਐੱਸ ਨਗਰ ਤੋਂ ਅਜੈ ਕੁਮਾਰ ਤੇ ਤਰਨਤਾਰਨ ਤੋਂ ਰਾਜਬੀਰ ਸਿੰਘ ਭੁੱਲਰ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।