ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਹੋ ਸਕਿਆ । ਜਦੋਂਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 25 ਨਵੰਬਰ ਤੱਕ ਦਾ ਸਮਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚਾ ਤੋਂ ਲਿਆ ਸੀ । ਮੋਰਚੇ ਵੱਲੋਂ 26 ਨਵੰਬਰ ਨੂੰ ਯੂਨੀਵਰਸਿਟੀ ਨੂੰ ਪੂਰਨ ਤੌਰ ‘ਤੇ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਹੈ । ਇਸਤੋਂ ਪਹਿਲਾਂ ਯੂਨੀਵਰਸਿਟੀ ਬੰਦ ਦੀ ਕਾਲ ਦਿੱਤੀ ਜਾ ਚੁੱਕੀ ਹੈ ।
ਬੁੱਧਵਾਰ ਨੂੰ ਹੋਣ ਵਾਲੇ ਪ੍ਰਦਰਸ਼ਨ ਵਿੱਚ ਸੂਬੇ ਭਰ ਤੋਂ ਵਿਦਿਆਰਥੀ ਅਤੇ ਵੱਖ-ਵੱਖ ਸੰਗਠਨਾਂ ਦੇ ਮੈਂਬਰ ਇੱਕ ਵਾਰ ਮੁੜ ਯੂਨੀਵਰਸਿਟੀ ਵਿੱਚ ਪਹੁੰਚਣਗੇ ਅਤੇ ਪ੍ਰਦਰਸ਼ਨ ਦਾ ਹਿੱਸਾ ਬਣਨਗੇ । ਦੱਸ ਦਈਏ ਕਿ ਵਾਈਸ ਚਾਂਸਲਰ ਰੇਣੂ ਵਿਜ ਨੇ ਸੈਨੇਟ ਚੋਣਾਂ ਕਰਵਾਉਣ ਲਈ ਚਾਂਸਲਰ ਅਤੇ ਉਪ ਰਾਸ਼ਟਰਪਤੀ ਨੂੰ ਮਨਜ਼ੂਰੀ ਲਈ ਪੱਤਰ ਲਿਖਿਆ ਹੈ । ਪਰ ਹਾਲੇ ਤੱਕ ਪ੍ਰਵਾਨਗੀ ਨਹੀਂ ਮਿਲ ਸਕੀ ।


26 ਨਵੰਬਰ ਨੂੰ ਬੰਦ ਨੂੰ ਸਫਲ ਬਣਾਉਣ ਲਈ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵੱਲੋਂ ਲਗਾਤਾਰ ਰੈਲੀਆਂ ਕੱਢਣ ਦੇ ਨਾਲ ਨਾਲ ਵੱਖ-ਵੱਖ ਥਾਵਾਂ ‘ਤੇ ਜਾ ਕੇ ਯੂਨੀਵਰਸਿਟੀ ਅੰਦਰ ਦੁਕਾਨਾਂ ਚਲਾਉਣ ਵਾਲੇ, ਵਿਭਾਗਾਂ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਇਸ ਸੰਬਧੀ ਸੂਚਿਤ ਕੀਤਾ ਜਾ ਰਿਹਾ ਹੈ ।
ਮੋਗਾ ਜ਼ਿਲ੍ਹੇ ਦੇ ਪਿੰਡ ਪੰਜਗਰਾਈ ਖੁਰਦ ਦੀ ਪੰਚਾਇਤ ਨੇ ਆਪਣੀ ਮੀਟਿੰਗ ਵਿੱਚ ਇਸ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਲਈ ਇੱਕ ਮਤਾ ਪਾਸ ਕੀਤਾ ਹੈ । ਪਿੰਡ ਦੀ ਮਹਿਲਾ ਸਰਪੰਚ ਬਲਜੀਤ ਕੌਰ ਸਮੇਤ ਸਾਰੇ ਪਿੰਡ ਦੇ ਮੁਖੀਆਂ ਦੇ ਦਸਤਖਤ ਕੀਤੇ । ਇਸ ਮਤੇ ਵਿੱਚ ਚੰਡੀਗੜ੍ਹ 'ਤੇ ਪੰਜਾਬ ਦੇ ਹੱਕ ਦਾ ਜਤਾਇਆ ਗਿਆ ਹੈ । ਪੰਚਾਇਤ ਨੇ ਵੀ ਮੋਰਚੇ ਦਾ ਸਮਰਥਨ ਕਰਦਿਆਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ ।