Trending:
Ambala News: ਅੰਬਾਲਾ 'ਚ ਦਹਿਸ਼ਤ ਦਾ ਮਾਹੌਲ, ਦੁਕਾਨਦਾਰ ਨੂੰ ਸਕਾਰਪੀਓ 'ਚ ਅਗਵਾ ਕਰਕੇ ਬੇਰਹਿਮੀ ਨਾਲ ਕੁੱਟਿਆ, ਅੱਧ ਮਰਿਆ ਕਰ ਟੋਏ 'ਚ ਸੁੱਟਿਆ
Ambala News: ਅੰਬਾਲਾ ਜ਼ਿਲ੍ਹੇ ਦੇ ਰਾਮਗੜ੍ਹ ਪਿੰਡ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਦਿਨ ਦਿਹਾੜੇ ਇੱਕ ਦੁਕਾਨਦਾਰ ਨੂੰ ਅਗਵਾ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਕਾਰਪੀਓ ‘ਚ ਸਵਾਰ ਹੋ ਕੇ ਆਏ 8 ਬਦਮਾਸ਼ਾਂ ਨੇ ਚਿੱਟੇ ਦਿਨੀਂ ਹੀ ਇੱਕ ਦੁਕਾਨ ਦੇ ਸਾਹਮਣੇ ਤੋਂ ਇੱਕ ਵਿਅਕਤੀ ਨੂੰ ਅਗਵਾ ਕਰ ਲਿਆ। ਪੀੜਤ ਨੇ ਦੋਸ਼ ਲਾਇਆ ਹੈ ਕਿ ਮੁਲਜ਼ਮਾਂ ਨੇ ਚਲਦੀ ਗੱਡੀ ਵਿੱਚ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਗਲਾ ਘੋਟ ਕੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ, ਮੁਲਜ਼ਮ ਦੁਕਾਨਦਾਰ ਨੂੰ ਅੱਧ ਮਰਿਆ ਕਰਕੇ ਪੰਜਲਾਸਾ ਦੇ ਕੋਲ ਟੋਇਆਂ ਵਿੱਚ ਸੁੱਟ ਕੇ ਫ਼ਰਾਰ ਹੋ ਗਏ। ਇਹ ਸਾਰੀ ਵਾਰਦਾਤ ਸੀਸੀਟੀਵੀ (CCTV) ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ।
ਪੀੜਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਕਰੀਬ 5:45 ਵਜੇ ਉਹ ਪਿੰਡ ਦੇ ਬੱਸ ਅੱਡੇ 'ਤੇ ਸਥਿਤ ਮਹੀਪਾਲ ਦੀ ਪਰਚੂਨ ਦੀ ਦੁਕਾਨ 'ਤੇ ਸਾਮਾਨ ਲੈਣ ਗਿਆ ਸੀ। ਉਦੋਂ ਹੀ ਉੱਥੇ ਇੱਕ ਕਾਲੇ ਰੰਗ ਦੀ ਸਕਾਰਪੀਓ ਆ ਕੇ ਰੁਕੀ। ਗੱਡੀ ਵਿੱਚੋਂ ਉਤਰੇ 3-4 ਨੌਜਵਾਨਾਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਜ਼ਬਰਦਸਤੀ ਗੱਡੀ ਵਿੱਚ ਸੁੱਟ ਲਿਆ।
ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ
ਮੁਲਾਣਾ ਥਾਣਾ ਪੁਲਿਸ ਨੇ ਦੁਕਾਨਦਾਰ ਬਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਮੁਲਜ਼ਮ ਮੋਹਿਤ, ਲੱਕੀ, ਸੁਭਾਸ਼, ਅਭਿ ਸਮੇਤ ਚਾਰ ਹੋਰਨਾਂ ਖ਼ਿਲਾਫ਼ ਐਫ.ਆਈ.ਆਰ. (FIR) ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਹ ਕਾਰਵਾਈ ਅਗਵਾ ਕਰਨ ਦੀ ਧਾਰਾ 140(2), ਆਰਮਜ਼ ਐਕਟ, ਜਾਣਬੁੱਝ ਕੇ ਗੰਭੀਰ ਸੱਟ ਪਹੁੰਚਾਉਣ ਦੀ ਧਾਰਾ 115, ਸਾਂਝੇ ਅਪਰਾਧ ਦੀ ਧਾਰਾ 3(5) ਅਤੇ ਅਪਰਾਧਿਕ ਸਾਜ਼ਿਸ਼ ਦੀ ਧਾਰਾ 61 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਵਿੱਢ ਦਿੱਤੀ ਹੈ।
ਪਿਛਲੇ ਕੁੱਝ ਸਮੇਂ ਤੋਂ ਅਪਰਾਧਿਕ ਘਟਨਾਵਾਂ ਦੇ ਵਿੱਚ ਦਿਨੋਂ-ਦਿਨ ਵਧਾ ਹੋ ਰਿਹਾ ਹੈ। ਅਜਿਹੇ ‘ਚ ਪੁਲਿਸ ਪ੍ਰਸ਼ਾਸ਼ਨ ਉੱਤੇ ਜਨਤਾ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਜਾਂਦੇ ਹਨ।