ਬਠਿੰਡਾ: ਸਾਈਬਰ ਠੱਗੀ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਈਬਰ ਠੱਗ ਭੋਲ ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਸ ਲੜੀ ਨਾਲ ਜੁੜਿਆ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਸਾਈਬਰ ਠੱਗਾਂ ਨੇ ਇੱਕ ਰੇਲਵੇ ਵਿਭਾਗ ਵਿੱਚ ਲੋਕੋ ਪਾਇਲਟ ਵਜੋਂ ਤਾਇਨਾਤ ਆਪਣਾ ਸ਼ਿਕਾਰ ਬਣਾਇਆ ਹੈ ਵਿਅਕਤੀ ਨੂੰ ਸੀ.ਬੀ.ਆਈ. (CBI) ਦੇ ਅਧਿਕਾਰੀ ਦੱਸ ਕੇ ਉਸ ਵਿਅਕਤੀ ਕੋਲੋਂ 24 ਲੱਖ ਰੁਪਏ ਠੱਗ ਲਾਏ।
ਪੀੜਤ ਨਾਲ ਲੱਖਾਂ ਦੀ ਠੱਗੀ
ਪੀੜਤ ਦੀ ਸ਼ਿਕਾਇਤ 'ਤੇ ਸਾਈਬਰ ਕ੍ਰਾਈਮ ਥਾਣੇ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਰਾਕੇਸ਼ ਕੁਮਾਰ ਮੇਰੀਆ ਨੇ ਦੱਸਿਆ ਕਿ ਅਣਪਛਾਤੇ ਸਾਈਬਰ ਠੱਗਾਂ ਨੇ ਖ਼ੁਦ ਨੂੰ ਦਿੱਲੀ ਕ੍ਰਾਈਮ ਬ੍ਰਾਂਚ, ਸੀ.ਬੀ.ਆਈ. ਅਤੇ SC ਦੇ ਅਧਿਕਾਰੀ ਦੱਸ ਕੇ 24 ਲੱਖ ਦੀ ਆਨਲਾਈਨ ਠੱਗੀ ਕੀਤੀ ਹੈ।
ਪੀੜਤ ਰਾਕੇਸ਼ ਕੁਮਾਰ ਮੇਰੀਆ, ਪਿੰਡ ਰਸੂਲਪੁਰ ਉਰਫ਼ ਕਾਲੀ ਪੱਟੀ, ਜ਼ਿਲ੍ਹਾ ਜੌਨਪੁਰ (UP) ਦੇ ਰਹਿਣ ਵਾਲੇ ਹਨ ਅਤੇ ਵਰਤਮਾਨ ਵਿੱਚ ਰੇਲਵੇ ਕਲੋਨੀ ਬਠਿੰਡਾ ਵਿੱਚ ਰਹਿ ਰਹੇ ਹਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਨ੍ਹਾਂ ਦੱਸਿਆ ਕਿ 16 ਅਕਤੂਬਰ ਨੂੰ ਉਨ੍ਹਾਂ ਨੂੰ ਇੱਕ ਨੰਬਰ ਤੋਂ ਫ਼ੋਨ ਆਇਆ, ਜਿਸ ਵਿੱਚ ਇੱਕ ਔਰਤ ਨੇ ਖ਼ੁਦ ਨੂੰ ਦੂਰਸੰਚਾਰ ਮੰਤਰਾਲੇ ਤੋਂ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਆਧਾਰ ਕਾਰਡ ਨਾਲ ਜੁੜਿਆ ਇੱਕ ਫੋਨ ਨੰਬਰ ਅਪਰਾਧਿਕ ਗਤੀਵਿਧੀਆਂ 'ਚ ਵਰਤਿਆ ਜਾ ਰਿਹਾ ਹੈ।
ਇਸ ਤੋਂ ਬਾਅਦ ਫ਼ੋਨ ਇੱਕ ਹੋਰ ਵਿਅਕਤੀ ਨੂੰ ਟਰਾਂਸਫਰ ਕੀਤਾ ਗਿਆ, ਜਿਸ ਨੇ ਖ਼ੁਦ ਨੂੰ ਕ੍ਰਾਈਮ ਬ੍ਰਾਂਚ ਦਿੱਲੀ ਦਾ ਅਧਿਕਾਰੀ ਵਿਜੇ ਕੁਮਾਰ ਦੱਸਿਆ। ਮੁਲਜ਼ਮ ਨੇ ਪੁਲਿਸ ਦੀ ਵਰਦੀ ਪਾ ਕੇ ਵੀਡੀਓ ਕਾਲ ਕੀਤੀ ਅਤੇ ਡਰਾਇਆ ਕਿ ਪੀੜਤ ਦੇ ਆਧਾਰ ਕਾਰਡ ਨਾਲ ਜੁੜੇ ਨੰਬਰ 'ਤੇ 24 ਮਾਮਲੇ ਦਰਜ ਹਨ। ਬਾਅਦ ਵਿੱਚ ਉਸਨੂੰ ਦੱਸਿਆ ਗਿਆ ਕਿ ਮੁੰਬਈ ਵਿੱਚ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ ਇੱਕ ਮੁਲਜ਼ਮ ਨੇ ਉਸਦੇ ਖ਼ਿਲਾਫ਼ ਬਿਆਨ ਦਿੱਤਾ ਹੈ।
ਕੁਝ ਦਿਨਾਂ ਬਾਅਦ ਇੱਕ ਔਰਤ ਨੇ ਖ਼ੁਦ ਨੂੰ CBI ਅਧਿਕਾਰੀ ਦੱਸਦਿਆਂ ਵੀਡੀਓ ਕਾਲ ਕੀਤੀ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਹੁਣ ਸੀ.ਬੀ.ਆਈ. ਕਰ ਰਹੀ ਹੈ ਅਤੇ ਪੀੜਤ ਦੇ ਖ਼ਿਲਾਫ਼ ਸੁਪਰੀਮ ਕੋਰਟ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਚੁੱਕਾ ਹੈ। ਗ੍ਰਿਫ਼ਤਾਰੀ ਰੋਕਣ ਦੇ ਨਾਂਅ 'ਤੇ ਉਸ ਨੂੰ “ਸੁਪਰੀਮ ਕੋਰਟ ਦੇ ਖਾਤੇ” ਵਿੱਚ 24 ਲੱਖ ਰੁਪਏ ਸੁਰੱਖਿਆ ਰਾਸ਼ੀ ਵਜੋਂ ਜਮ੍ਹਾ ਕਰਵਾਉਣ ਲਈ ਕਿਹਾ ਗਿਆ।
ਡਰ ਦੇ ਕਾਰਨ ਪੀੜਤ ਨੇ 27 ਅਕਤੂਬਰ 2025 ਨੂੰ State Bank of India Bathinda ਤੋਂ ਲੋਨ ਲੈ ਕੇ ਚੈੱਕ/ਆਰ.ਟੀ.ਜੀ.ਐੱਸ. ਰਾਹੀਂ ਦੱਸੇ ਗਏ ਖਾਤੇ ਵਿੱਚ 24 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਵੀ ਠੱਗਾਂ ਨੇ ਹੋਰ ਪੈਸਿਆਂ ਦੀ ਮੰਗ ਕੀਤੀ, ਜਿਸ ਕਾਰਨ ਪੀੜਤ ਨੂੰ ਠੱਗੀ ਦਾ ਸ਼ੱਕ ਹੋਇਆ।
ਬੈਂਕ ਸਟੇਟਮੈਂਟ ਅਤੇ ਜਾਅਲੀ ਦਸਤਾਵੇਜ਼ ਸੌਂਪੇ
ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਮੁਲਜ਼ਮਾਂ ਵੱਲੋਂ ਭੇਜੇ ਗਏ FIR, ਸੁਪਰੀਮ ਕੋਰਟ ਅਤੇ RBI ਦੇ ਦਸਤਾਵੇਜ਼ ਪੂਰੀ ਤਰ੍ਹਾਂ ਜਾਅਲੀ ਸਨ। ਪੀੜਤ ਨੇ ਵਟਸਐਪ ਚੈਟ, ਕਾਲ ਰਿਕਾਰਡਿੰਗ, ਬੈਂਕ ਸਟੇਟਮੈਂਟ ਅਤੇ ਜਾਅਲੀ ਦਸਤਾਵੇਜ਼ ਪੁਲਿਸ ਨੂੰ ਸੌਂਪ ਦਿੱਤੇ ਹਨ।
ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ, ਜਾਂਚ ਜਾਰੀ
ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਬਠਿੰਡਾ ਨੇ ਜਾਂਚ ਤੋਂ ਬਾਅਦ ਇਸ ਨੂੰ ਸਾਈਬਰ ਠੱਗੀ ਦਾ ਗੰਭੀਰ ਮਾਮਲਾ ਮੰਨਦੇ ਹੋਏ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਰਕਮ ਦੀ ਬਰਾਮਦਗੀ ਲਈ ਯਤਨ ਕੀਤੇ ਜਾ ਰਹੇ ਹਨ। ਫਿਲਹਾਲ ਪੁਲਿਸ ਬੈਂਕ ਖਾਤਿਆਂ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ।