ਫਰੀਦਕੋਟ ਤੋਂ ਇਨਸਾਨੀਅਤ ਦਾ ਜਨਾਜ਼ਾ ਕੱਢਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਸ਼ਖਸ ਨੇ ਆਪਣੀ ਪਤਨੀ ਨੂੰ ਤਲਾਕ ਦੇਣ ਤੋਂ ਬਾਅਦ ਵੀ ਆਪਣੇ ਦਿਲ ਵਿੱਚ ਇੰਨੀ ਨਫਰਤ ਰੱਖੀ ਕਿ ਆਪਣੀ ਪਤਨੀ ਦੀ ਬਦਨਾਮੀ ਪੂਰੀ ਦੁਨੀਆ 'ਚ ਕਰਨ ਲਈ ਸਭ ਤੋਂ ਨੀਚ ਹਰਕਤ ਨੂੰ ਅੰਜਾਮ ਦੇ ਦਿੱਤਾ। ਘਟਨਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਕੋਟਕਪੂਰਾ ਵਾਸੀ ਹਰਸਿਮਰਨਜੀਤ ਸਿੰਘ ਨੇ ਪਹਿਲਾਂ ਤਾਂ ਆਪਸੀ ਸਹਿਮਤੀ ਨਾਲ ਆਪਣੀ ਪਤਨੀ ਤੋਂ ਤਲਾਕ ਲੈ ਲਿਆ। ਇਸ ਤੋਂ ਬਾਅਦ ਵੀ ਉਹ ਆਪਣੀ ਪਤਨੀ ਦੇ ਨਾਲ ਰੰਜ਼ਿਸ਼ ਰੱਖਣ ਲੱਗਾ, ਉਪਰੰਤ ਉਸ ਨੇ ਇੰਸਟਾਗ੍ਰਾਮ ਆਈ. ਡੀ ’ਤੇ ਆਪਣੀ ਪਹਿਲੀ ਪਤਨੀ ਦੀਆਂ ਨਿੱਜੀ ਅਤੇ ਇਤਰਾਜ਼ਯੋਗ ਫੋਟੋਆਂ ਅਪਲੋਡ ਕਰ ਦਿੱਤੀਆਂ। ਇਸ ਤੋਂ ਬਾਅਦ ਸਥਾਨਕ ਸਾਈਬਰ ਕ੍ਰਾਈਮ ਬ੍ਰਾਂਚ ਨੇ ਜਾਂਚ ਕਰ ਕੇ ਹਰਸਿਮਰਨਜੀਤ ਸਿੰਘ ਵਾਸੀ ਕੋਟਕਪੂਰਾ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪੀੜਤਾ ਦਾ ਵਿਆਹ ਸਾਲ 2021 ’ਚ ਹਰਸਿਮਰਨਜੀਤ ਸਿੰਘ ਨਾਲ ਹੋਇਆ ਸੀ ਅਤੇ ਇਨ੍ਹਾਂ ਦੀ ਆਪਸ ’ਚ ਅਣ-ਬਣ ਹੋ ਜਾਣ ਕਾਰਨ ਦੋਵਾਂ ਧਿਰਾਂ ਦੀ ਸਹਿਮਤੀ ਨਾਲ 26 ਨਵੰਬਰ 2024 ਨੂੰ ਤਲਾਕ ਹੋ ਗਿਆ ਸੀ ਪਰ ਤਲਾਕ ਤੋਂ ਬਾਅਦ ਹਰਸਿਮਰਨਜੀਤ ਸਿੰਘ ਪੀੜਤਾ ਦੀਆਂ ਫੋਟੋਆਂ ਆਪਣੀ ਇੰਸਟਾਗ੍ਰਾਮ ਆਈ. ਡੀ ’ਤੇ ਪਾਉਣ ਲੱਗ ਪਿਆ।
ਪੁਲਿਸ ਨੇ ਕਿਹਾ ਕਿ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।