ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਉੱਥੇ ਹੀ ਸਿਆਸੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਇਹ ਵੋਟਿੰਗ ਈਵੀਐਮ ਮਸ਼ੀਨਾਂ ਦੀ ਬਜਾਏ ਬੈਲਟ ਪੇਪਰਾਂ ਨਾਲ ਕਰਵਾਈਆਂ ਜਾ ਰਹੀਆਂ ਹਨ। ਉੱਥੇ ਹੀ ਅੰਮ੍ਰਿਤਸਰ ਦੇ ਪਿੰਡ ਖਾਸਾ ਵਿੱਚ ਬਲਾਕ ਸੰਮਤੀ ਚੋਣਾਂ ਰੱਦ ਕਰ ਦਿੱਤੀਆਂ ਹਨ।
ਇਹ ਚੋਣਾਂ ਰੱਦ ਹੋਣ ਦਾ ਕਾਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਚੋਣ ਨਿਸ਼ਾਨ ਦੀ ਛਪਾਈ ਗਲਤ ਹੋਣ ਦੱਸਿਆ ਜਾ ਰਿਹਾ ਹੈ। ਬੈਲਟ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਮ ਦੇ ਅੱਗੇ ਤੱਕੜੀ ਦਾ ਚੋਣ ਨਿਸ਼ਾਨ ਮਿਲਿਆ ਹੈ। ਫਿਲਹਾਲ ਇਹਨਾਂ 4 ਬੂਥਾਂ ਉੱਤੇ ਸਿਰਫ਼ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੀ ਕਰਵਾਈਆਂ ਜਾਣਗੀਆਂ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪੰਜਾਬ ਭਰ ਵਿੱਚ 347 ਜ਼ਿਲ੍ਹਾ ਪ੍ਰੀਸ਼ਦ ਅਤੇ 2,838 ਬਲਾਕ ਸੰਮਤੀਆਂ ਲਈ ਉਮੀਦਵਾਰ ਚੁਣੇ ਜਾ ਰਹੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਕੁੱਲ 9 ਹਜ਼ਾਰ 775 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਿਸ ਦੇ ਨਤੀਜੇ 17 ਦਸੰਬਰ ਨੂੰ ਐਲਾਨ ਦਿੱਤੇ ਜਾਣਗੇ। ਅੰਮ੍ਰਿਤਸਰਿ ਦੇ ਰਾਜਾਸਾਂਸੀ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਨਿਗਰਾਨੀ ਕਰਨ ਲਈ ਆਮ ਆਦਮੀ ਪਾਰਟੀ ਦੀ ਆਗੂ ਸੋਨੀਆ ਮਾਨ ਇਲਾਕੇ ਦਾ ਦੌਰਾ ਕਰ ਰਹੀ ਹੈ। ਇਸ ਦੌਰਾਨ ਸੋਨੀਆ ਮਾਨ ਨੇ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਕੀਤੀ ਹੈ।