Monday, 12th of January 2026

Minister asks for reprieve-ਮੰਤਰੀ ਸਾਹਿਬ ਨੇ ਮੰਗੀ ਮੌਹਲਤ

Reported by: Gurpreet Singh  |  Edited by: Jitendra Baghel  |  November 26th 2025 06:47 PM  |  Updated: November 26th 2025 06:47 PM
Minister asks for reprieve-ਮੰਤਰੀ ਸਾਹਿਬ ਨੇ ਮੰਗੀ ਮੌਹਲਤ

Minister asks for reprieve-ਮੰਤਰੀ ਸਾਹਿਬ ਨੇ ਮੰਗੀ ਮੌਹਲਤ

ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਲਈ ਇੱਕ ਹਫਤੇ ਦੀ ਮੌਹਲਤ ਮੰਗੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਤਾਬਦੀ ਸਮਾਗਮਾਂ ਦੇ ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਈ ਮੇਲ ਜ਼ਰੀਏ ਆਪਣਾ ਜਵਾਬ ਭੇਜਿਆ ਹੈ। ਟੂਰਿਜ਼ਮ ਵਿਭਾਗ ਦੇ ਡਾਇਰੈਕਟਰ ਵੱਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 10 ਦਿਨ ਦੀ ਮੌਹਲਤ ਮੰਗੀ ਗਈ ਹੈ ।

ਦੱਸ ਦਈਏ ਕਿ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਅਤੇ ਇਸ ਵਿਭਾਗ ਦੇ ਡਾਇਰੈਕਟਰ ਪਾਸੋਂ ਭਾਈ ਜੈਤਾ ਜੀ ਯਾਦਗਾਰ, ਸ੍ਰੀ ਆਨੰਦਪੁਰ ਸਾਹਿਬ ਵਿਖੇ ਸਿੱਖ ਸਿਧਾਂਤਾਂ, ਪ੍ਰੰਪਰਾਵਾਂ ਤੇ ਮਰਿਆਦਾ ਵਿਰੁੱਧ ਪੇਸ਼ਕਾਰੀ ਕਰਨ ਦੇ ਦੋਸ਼ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਰਫੋਂ ਸਪਸ਼ਟੀਕਰਨ ਮੰਗਿਆ ਗਿਆ ਸੀ । ਪੰਜਾਬ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੂੰ ਆਪਣਾ ਸਪਸ਼ਟੀਕਰਨ ਇੱਕ ਹਫ਼ਤੇ ਦੇ ਅੰਦਰ-ਅੰਦਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਪਹੁੰਚ ਕੇ ਦੇਣ ਲਈ ਆਖਿਆ ਗਿਆ ਸੀ ਜਦੋਂਕਿ ਵਿਭਾਗ ਦੇ ਡਾਇਰੈਕਟਰ ਲਿਖਤੀ ਰੂਪ ਵਿੱਚ ਸਪਸ਼ਟੀਕਰਨ ਭੇਜਣ ਦੇ ਆਦੇਸ਼ ਕੀਤੇ ਗਏ ਸਨ।

ਇਸ ਸਬੰਧੀ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਵੱਲੋਂ ਕੈਬਨਿਟ ਮੰਤਰੀ ਅਤੇ ਵਿਭਾਗ ਦੇ ਡਾਇਰੈਕਟਰ ਨੂੰ ਦੋ ਵੱਖ-ਵੱਖ ਪੱਤਰ ਭੇਜੇ ਗਏ ਸਨ। ਇਨ੍ਹਾਂ ਪੱਤਰਾਂ ਵਿੱਚ ਆਖਿਆ ਗਿਆ ਹੈ ਕਿ ਇਸ ਸਬੰਧੀ ਸ੍ਰੀ ਅਕਾਲ ਤਖਤ ਵਿਖੇ ਕਈ ਸ਼ਿਕਾਇਤਾਂ ਪੁੱਜੀਆਂ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਮਰਿਆਦਾ ਦੀ ਉਲੰਘਣਾ ਸਬੰਧੀ ਦੋਸ਼ ਲਾਏ ਗਏ ਹਨ।

ਇਸ ਪੱਤਰ ਵਿਚ ਭਾਈ ਜੈਤਾ ਜੀ ਯਾਦਗਾਰ ਵਿਖੇ ਅੰਮ੍ਰਿਤ ਸੰਚਾਰ ਸਬੰਧੀ ਬਣਾਈਆਂ ਗਈਆਂ ਤਸਵੀਰਾਂ ਬਾਰੇ ਇਤਰਾਜ਼ ਪ੍ਰਗਟ ਕੀਤਾ ਗਿਆ ਹੈ, ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜ ਪਿਆਰਿਆਂ ਨੂੰ ਅੰਮ੍ਰਿਤ ਸੰਚਾਰ ਵੇਲੇ ਜੋੜੇ ਪਾਏ ਹੋਏ ਦਿਖਾਇਆ ਗਿਆ ਹੈ। ਇਨ੍ਹਾਂ ਵਿੱਚ ਹੋਰ ਵੀ ਕਈ ਖਾਮੀਆਂ ਦੱਸੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਅੰਮ੍ਰਿਤ ਸੰਚਾਰ ਦੀ ਮਰਿਆਦਾ ਦੇ ਉਲਟ ਆਖਿਆ ਗਿਆ ਹੈ।